Select Page

ਬਰਨਾਲਾ ‘ਚ ਭੁੱਖਮਰੀ ਤੋਂ ਅੱਕੇ ਲੋਕਾਂ ਨੇ ਘੇਰਿਆ ਐਮਸੀ ਦਾ ਮੁੰਡਾ, ਕਹਿੰਦੇ ਬੰਨ੍ਹ ਕੇ ਰੱਖੋ, ਫਿਰ ਮਿਲੂ ਰਾਸ਼ਨ

ਬਰਨਾਲਾ ‘ਚ ਭੁੱਖਮਰੀ ਤੋਂ ਅੱਕੇ ਲੋਕਾਂ ਨੇ ਘੇਰਿਆ ਐਮਸੀ ਦਾ ਮੁੰਡਾ, ਕਹਿੰਦੇ ਬੰਨ੍ਹ ਕੇ ਰੱਖੋ, ਫਿਰ ਮਿਲੂ ਰਾਸ਼ਨ

ਬਰਨਾਲਾ (ਡੈਸਕ ਨਿਊਜ਼, ਜਨਗਾਥਾ ਟਾਈਮਜ਼ – ਕਿਸੇ ਨੇ ਕਿੰਨ੍ਹਾਂ ਸਹੀ ਕਿਹੈ, ਪੇਟ ਦੀ ਭੁੱਖ ,ਆਦਮੀ ਨੂੰ ਗੁਨਾਹਗਾਰ ਬਣਾ ਦਿੰਦੀ ਐ, ਇਹੋ ਜਿਹੇ ਹਾਲਤ ‘ਚ ਫਿਰ ਬੰਦਾ ਮਰਦਾ ਕੀ ਨਹੀਂ ਕਰਦਾ, ਵਾਲੀ ਗੱਲ ਸੱਚ ਸਾਬਿਤ ਹੋ ਜਾਂਦੀ ਹੈ। ਇਹੋ ਜਿਹਾ ਮੰਜਰ ਸ਼ੁੱਕਰਵਾਰ ਦੁਪਿਹਰ ਸੇਖਾ ਰੋਡ ਖੇਤਰ ਵਿੱਚ ਪੈਂਦੇ ਵਾਰਡ ਨੰਬਰ 16 ‘ਚ ਉਦੋਂ ਵੇਖਣ ਨੂੰ ਮਿਲਿਆ ਜਦੋਂ ਭੁੱਖਮਰੀ ਤੋਂ ਤੰਗ ਆਈਆਂ ਕੁਝ ਔਰਤਾਂ ਤੇ ਮਰਦ ਕਰਫਿਊ ਦੀ ਪਰਵਾਹ ਕੀਤੇ ਬਿਨ੍ਹਾਂ ਘਰਾਂ ਤੋਂ ਬਾਹਰ ਨਿੱਕਲ ਆਏ। ਜਿੰਨ੍ਹਾਂ ‘ਚ ਔਰਤਾਂ ਦੀ ਗਿਣਤੀ ਮਰਦਾਂ ਤੋਂ ਕਾਫੀ ਜਿਆਦਾ ਸੀ। ਲੋਕਾਂ ਦਾ ਇਕੱਠ ਹੁੰਦਾ ਵੇਖ ਕੇ ਵਾਰਡ ਦੀ ਐਮਸੀ ਪ੍ਰਵੀਨ ਰਾਣੀ ਪਤਨੀ ਸਾਬਕਾ ਐਮਸੀ ਮਦਨ ਲਾਲ ਮੱਦੀ ਦਾ ਬੇਟਾ ਰਾਕੇਸ਼ ਕਾਂਸਲ ਉਰਫ ਗੋਲੂ ਵੀ ਉੱਥੇ ਆ ਪਹੁੰਚਿਆ। ਔਰਤਾਂ ਦੇ ਭੜਕੇ ਗੁੱਸੇ ਨੇ ਉਸ ਨੂੰ ਕੁੱਝ ਵੀ ਬੋਲਣ ਦਾ ਮੌਕਾ ਨਹੀਂ ਦਿੱਤਾ। ਵਿਚਾਰਾ ਫਸਿਆ ਹੋਇਆ, ਨੀਵੀਂ ਜਿਹੀ ਪਾ ਕੇ ਔਰਤਾਂ ਦੀਆਂ ਮੂੰਹ ਆਈਆਂ ਗੱਲਾਂ ਸੁਨਣ ਨੂੰ ਮਜਬੂਰ ਹੋ ਗਿਆ। ਭੜ੍ਹਕੇ ਹਜੂਮ ਨੇ ਕਿਹਾ ਕਿ ਇਹਨੂੰ ਫੜ੍ਹ ਕੇ ਬੰਨ ਲਉ।

ਇੱਕ ਬੰਦਾ ਕਹਿੰਦਾ ਇਹਨੂੰ ਰੱਸਾ ਲਾ ਦਿਉ, ਫਿਰ ਹੀ ਰਾਸ਼ਨ ਮਿਲੂ…
ਯਾਨੀ ਹਰ ਕੋਈ ਮੂੰਹ ਆਇਆ ਬੋਲਦਾ ਰਿਹਾ। ਕੁੱਝ ਔਰਤਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਘਰੇ ਭੁੱਖੇ ਰਹਿ ਕੇ ਮਰਨ ਨਾਲੋਂ ਤਾਂ ਆਪਾ ਐਮਸੀ ਦੇ ਘਰੇ ਜਾ ਕੇ ਡੇਰਾ ਲਾ ਲੈਣੇ ਹਾਂ। ਵਿਚਾਰਾ ਸਹਿਮਿਆ ਖੜ੍ਹਾ ਗੋਲੂ ਚੁੱਪ-ਚਾਪ ਗੁੱਸੇ ‘ਚ ਬੋਲ ਰਹੀਆਂ ਔਰਤਾਂ ਦੇ ਕੌੜੇ ਬੋਲ ਕੁਬੋਲ ਸੁਣਦਾ ਰਿਹਾ। ਇੱਕ ਬਜੁਰਗ ਔਰਤ ਨੇ ਕਿਹਾ, ਘਰਾਂ ਚ, 6/6 ਜਾਂ 8/8 ਜੀਅ ਨੇ ਪਰਿਵਾਰ ਦੇ, ਕੰਮ ਧੰਦਾ ਬੰਦ ਐ,ਰੋਟੀ ਦਾ ਕੋਈ ਹੀਲਾ ਨਹੀਂ ਬਣਦਾ। ਫਿਰ ਅੱਕ ਕੇ ਘਰਾਂ ਚ, ਰਹਿ ਕੇ ਮਰਨ ਨਾਲੋਂ ਤਾਂ ਬਾਹਰ ਨਿੱਕਲੇ ਚੰਗੇ,ਜੇ ਪੁਲਿਸ ਫੜ੍ਹ ਕੇ ਜੇਲ੍ਹ ਵੀ ਭੇਜੂ, ਉਥੇ ਰੋਟੀ ਤਾਂ ਮਿਲੂਗੀ ਹੀ।

– ਗੁੱਸੇ ਚ, ਭਰੇ ਪੀਤੇ ਮਾਨਾ ਸਿੰਘ ਨੇ ਕਿਹਾ, ਆਪਾਂ ਵੋਟਾਂ ਐਮਸੀ ਨੂੰ ਪਾਈਆਂ ਨੇ,ਫਿਰ ਦੁੱਖ-ਸੁੱਖ ਵੀ ਇਸੇ ਨੂੰ ਕਹਿਣਾ ਹੈ। ਕਰਫਿਊ ਕਰਕੇ ਘਰਾਂ ਚ, ਵਿਹਲੇ ਬੈਠੇ ਬੰਦਿਆਂ ਕੋਲ ਰਾਸ਼ਨ ਜੋਗੇ ਪੈਸੇ ਵੀ ਹੈ ਨਹੀ, ਆਪਣਾ ਐਮਸੀ ਨੂੰ ਕਹਿਣਾ ਹੱਕ ਬਣਦਾ ਹੈ। ਅੱਗੇ ਇਹ ਕਿਸੇ ਨੂੰ ਕਹੇ ਜਾਂ ਨਾ ਕਹੇ। ਐਮਸੀ ਦੇ ਬੇਟੇ ਨੇ ਕਾਫੀ ਖਰੀਆਂ-ਖਰੀਆਂ ਸੁਣ ਕੇ ਲੋਕਾਂ ਨੂੰ ਆਪਣੀ ਗੱਲ ਸੁਣਨ ਲਈ ਮਨਾ ਹੀ ਲਿਆ ਤੇ ਖੁਦ ਲੋਕਾਂ ਦੇ ਨਾਲ ਹਰ ਥਾਂ ਜਾਣ ਦਾ ਭਰੋਸਾ ਦੇ ਕੇ ਆਪਣਾ ਖਹਿੜਾ ਛੁਡਵਾਇਆ।

-ਹੰਗਾਮਾ ਕਿਉਂ ਹੋਇਆ…
ਵਾਰਡ ਅੰਦਰ ਦੋ-ਤਿੰਨ ਪੁਲਿਸ ਵਾਲੇ ਕੁਝ ਕੁ ਚੁਨਿੰਦਾ ਘਰਾਂ ਵਿੱਚ ਰਾਸ਼ਨ ਦੇ ਕੇ ਦਬੇ ਪੈਰ ਖਿਸਕ ਗਏ। ਜਦੋਂ ਲੋਕਾਂ ਨੇ ਉਨ੍ਹਾਂ ਤੋਂ ਰਾਸ਼ਨ ਮੰਗਿਆ ਤਾਂ, ਪੁਲਿਸ ਵਾਲਿਆਂ ਨੇ ਕਿਹਾ ਉਹ ਉਨ੍ਹਾਂ ਨੂੰ ਹੀ ਰਾਸ਼ਨ ਦੇਣ ਆਏ ਸੀ, ਜਿੰਨ੍ਹਾਂ ਦਾ ਪ੍ਰਸ਼ਾਸ਼ਨ ਦੀ ਸੂਚੀ ਵਿੱਚ ਨਾਮ ਬੋਲਦਾ ਹੈ। ਇਹ ਸੁਣ ਕੇ ਲੋਕਾਂ ਦਾ ਗੁੱਸਾ ਸੱਤਵੇਂ ਆਸਮਾਨ ਤੇ ਪਹੁੰਚ ਗਿਆ। ਮੌਕੇ ਤੇ ਖੜ੍ਹੇ ਲੋਕਾਂ ਨੇ ਕਿਹਾ ਕਿ ਇਹ ਸੂਚੀ ਜਰੂਰਤਮੰਦ ਲੋਕਾਂ ਦੀ ਨਹੀ ਬਣੀ, ਸਰਦੇ ਵਰਦੇ ਘਰਾਂ ਦੇ ਲੋਕਾਂ ਦੀ ਹੀ ਬਣਾਈ ਗਈ ਹੈ। ਉਨ੍ਹਾਂ ਡੀਸੀ ਦਫਤਰ ਵਿੱਚ, ਨੌਕਰੀ ਕਰਦੀ ਇੱਕ ਮਹਿਲਾ ਕਰਮਚਾਰੀ ਦਾ ਨਾਮ ਵੀ ਲਿਆ ਕਿ ਇਹ ਸੂਚੀ ਵਿੱਚ ਉਸਦੀ ਸਿਫਾਰਸ਼ ਤੇ ਹੀ ਨਾਮ ਸ਼ਾਮਿਲ ਕੀਤੇ ਗਏ ਹਨ। ਲੋਕਾਂ ਨੇ ਪ੍ਰਸ਼ਾਸ਼ਨ ਤੋਂ ਆਪਣੇ ਚਹੇਤਿਆਂ ਨੂੰ ਰਾਸ਼ਨ ਦੇਣ ਲਈ ਤਿਆਰ ਕੀਤੀ ਸੂਚੀ ਦੀ ਪੜਤਾਲ ਕਰਵਾਉਣ ਅਤੇ ਗਰੀਬ ਲੋਕਾਂ ਦੇ ਨਾਮ ਸੂਚੀ ਵਿੱਚ ਸ਼ਾਮਿਲ ਕਰਕੇ ਉਨ੍ਹਾਂ ਨੂੰ ਰਾਸ਼ਨ ਦੇਣ ਦੀ ਮੰਗ ਕੀਤੀ। ਇਸ ਮੌਕੇ ਬਲਕਾਰ ਸਿੰਘ, ਮਾਨਾ ਸਿੰਘ, ਕੁਲਦੀਪ ਸਿੰਘ, ਸਤਪਾਲ ਸਿੰਘ, ਨਰਿੰਦਰ ਪਾਈਪਾਂ ਵਾਲਾ ਆਦਿ ਵਿਅਕਤੀ ਹਾਜਿਰ ਸਨ।

– ਅਸੀਂ ਲੋਕਾਂ ਦੇ ਨਾਲ, ਕਿਸੇ ਨੇ ਸੂਚੀ ਬਣਾਉਣ ਲਈ ਸਾਨੂੰ ਨੀ ਪੁਛਿਆ…
ਐਮਸੀ ਦੇ ਬੇਟੇ ਰਾਕੇਸ਼ ਗੋਲੂ ਨੇ ਦੱਸਿਆਂ ਕੇ ਬਰਨਾਲਾ ਪ੍ਰਸਾਸ਼ਨ ਵੱਲੋਂ ਸਾਨੂੰ ਰਾਸ਼ਨ ਵੰਡਣ ਸਬੰਧੀ ਨਾ ਕੋਈ ਹਿਦਾਇਤ ਦਿੱਤੀ,ਨਾ ਹੀ ਖੇਤਰ ਦੇ ਗਰੀਬ ਲੋਕਾਂ ਦੀ ਸੂਚੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਲੋਕਾਂ ਦਾ ਗੁੱਸਾ ਜਾਇਜ ਹੈ। ਅਸੀਂ ਲੋਕਾਂ ਦੇ ਨਾਲ ਹਾਂ, ਜਿੱਥੇ ਵੀ ਕਹਿਣ ਇੱਨ੍ਹਾਂ ਦੇ ਨਾਲ ਜਾਣ ਨੂੰ ਵੀ ਤਿਆਰ ਹਾਂ।

About The Author

Leave a reply

Your email address will not be published. Required fields are marked *