ਕੀਟਾਣੂਨਾਸ਼ਕ ਛਿੜਕਣ ਨਾਲ ਨਹੀਂ ਖ਼ਤਮ ਹੋਵੇਗਾ ਕੋਰੋਨਾ : ਡਬਲਯੂਐੱਚਓ

    0
    159

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਜੇਨੇਵਾ : ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਅਕਸਰ ਵੱਖੋ-ਵੱਖ ਇਲਾਕਿਆਂ ਤੋਂ ਕੀਟਾਣੂਨਾਸ਼ਕ ਸਪਰੇਅ ਕਰਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ, ਪਰ ਇਸ ਬਾਰੇ ਹੁਣ ਵਿਚਵ ਸਿਹਤ ਸੰਗਠਨ ਨੇ ਇੱਕ ਨਵੇਂ ਤੇ ਅਹਿਮ ਪੱਖ ਤੋਂ ਪਰਦਾ ਚੁੱਕਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਸਾਵਧਾਨ ਕੀਤਾ ਹੈ ਕਿ ਸੜਕਾਂ ਤੇ ਗਲੀਆਂ ‘ਚ ਕੀਟਾਣੂਨਾਸ਼ਕ ਦਾ ਛਿੜਕਾਅ ਕਰਨ ਨਾਲ ਕੋਰੋਨਾ ਵਾਇਰਸ ਦਾ ਖ਼ਾਤਮਾ ਨਹੀਂ ਹੋਵੇਗਾ, ਅਤੇ ਇਸ ਦੇ ਉਲਟ, ਅਜਿਹਾ ਛਿੜਕਾਅ ਇਨਸਾਨਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਡਬਲਯੂਐੱਚਓ ਦਾ ਕਹਿਣਾ ਹੈ ਕਿ ਕਿਸੇ ਰਸਾਇਣ ਦਾ ਛਿੜਕਾਅ ਕਰਨ ਨਾਲ ਸਤ੍ਹਾ ‘ਤੇ ਮੌਜੂਦ ਵਾਇਰਸ ਜਾਂ ਪੈਥੋਜ਼ਨ ਖ਼ਤਮ ਨਹੀਂ ਹੁੰਦੇ। ਇਸ ਤਰ੍ਹਾਂ ਦਾ ਛਿੜਕਾਅ ਗੰਦਗੀ ਤੇ ਮਲਬੇ ‘ਚ ਮਿਲ ਕੇ ਬੇਅਸਰ ਹੋ ਜਾਂਦਾ ਹੈ। ਇਹੀਂ ਨਹੀਂ, ਛਿੜਕਾਅ ਦੇ ਸਾਰੀਆਂ ਥਾਵਾਂ ‘ਤੇ ਨਾ ਪਹੁੰਚਣ ਕਾਰਨ ਸੰਕ੍ਰਮਣ ਵੱਧਣ ਦੀ ਵੀ ਸੰਭਾਵਨਾ ਹੁੰਦੀ ਹੈ।

    ਡਬਲਯੂਐੱਚਓ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਸਥਿਤੀ ‘ਚ ਲੋਕਾਂ ਉੱਪਰ ਕਿਸੇ ਕਿਸਮ ਦੇ ਕੀਟਾਣੂਨਾਸ਼ਕ ਦਾ ਛਿੜਕਾਅ ਨਾ ਕੀਤਾ ਜਾਵੇ। ਇਨ੍ਹਾਂ ਵਿੱਚ ਮੌਜੂਦ ਕਲੋਰੀਨ ਤੇ ਦੂਜੇ ਜ਼ਹਿਰੀਲੇ ਕੈਮੀਕਲ ਦਾ ਛਿੜਕਾਅ ਅੱਖਾਂ ‘ਚ ਜਲਨ ਤੇ ਸਾਹ ਲੈਣ ‘ਚ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਡਬਲਯੂਐੱਚਓ ਨੇ ਕਿਹਾ ਹੈ ਕਿ ਕਲੋਰੀਨ ਜਾਂ ਹੋਰ ਜ਼ਹਿਰੀਲੇ ਰਸਾਇਣਾਂ ਦਾ ਛਿੜਕਾਅ ਕਰਨ ਨਾਲ ਇਨਸਾਨੀ ਸਿਹਤ ‘ਤੇ ਬ੍ਰੌਨਕੋਸਪੈਜ਼ਮ ਤੇ ਗੈਸਟ੍ਰੋਇੰਟੇਸਟਾਈਨਲ ਵਰਗੇ ਹਾਨੀਕਾਰਕ ਪ੍ਰਭਾਵ ਪੈ ਸਕਦੇ ਹਨ।

    ਕੀਟਾਣੂਨਾਸ਼ਕ ਦੀ ਵਰਤੋਂ ਕਿਸੇ ਕੱਪੜੇ ਜਾਂ ਪੋਚੇ ਨਾਲ ਕੀਤੀ ਜਾ ਸਕਦੀ ਹੈ। ਇਸ ਨਾਲ ਹਾਨੀਕਾਰਕ ਤੱਤ ਹਵਾ ‘ਚ ਨਹੀਂ ਫੈਲਣਗੇ ਤੇ ਨੁਕਸਾਨ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਅਲਕੋਹਲ ਯੁਕਤ ਕੀਟਾਣੂਨਾਸ਼ਕ (ਹੈਂਡ ਸੈਨੇਟਾਈਜ਼ਰ) ਦੀ ਵਰਤੋਂ ਕਰਨ ਦੀ ਸਿਫ਼ਾਰਿਸ਼ ਕਰਦਿਆਂ ਇਸ ਨੂੰ ਕੋਰੋਨਾ ਖ਼ਿਲਾਫ਼ ਇਸ ਨੂੰ ਅਸਰਦਾਰ ਦੱਸਿਆ ਸੀ।

    ਜ਼ਿਕਰਯੋਗ ਹੈ ਕਿ ਦੁਨੀਆਭਰ ‘ਚ ਲਾਕਡਾਊਨ, ਕਰਫ਼ਿਊ ਤੇ ਸਮਾਜਿਕ ਦੂਰੀਆਂ ਬਣਾਏ ਰੱਖਣ ਵਰਗੇ ਵਿਸ਼ਵ-ਵਿਆਪੀ ਕਦਮ ਚੁੱਕਣ ਦੇ ਬਾਵਜੂਦ ਸੰਸਾਰ ਭਰ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 46 ਲੱਖ ਤੋਂ ਪਾਰ ਲੰਘ ਚੁੱਕੀ ਹੈ, ਅਤੇ ਸੰਕ੍ਰਮਣ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ ਤਿੰਨ ਲੱਖ ਤੋਂ ਪਾਰ ਪਹੁੰਚ ਗਿਆ ਹੈ। ਅਮਰੀਕਾ ‘ਚ ਕੋਰੋਨਾ ਦਾ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ‘ਚ ਬੀਤੇ 24 ਘੰਟਿਆਂ ‘ਚ 1237 ਲੋਕਾਂ ਦੀ ਮੌਤ ਹੋਈ ਹੈ। ਰੂਸ ‘ਚ ਕੋਰੋਨਾ ਸੰਕ੍ਰਮਣ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਰੂਸ ‘ਚ ਕੋਰੋਨਾ ਦੇ ਹੁਣ ਤਕ 272043 ਮਾਮਲੇ ਸਾਹਮਣੇ ਆ ਚੁੱਕੇ ਹਨ। ਇੱਥੇ ਕੁੱਲ 2537 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 63166 ਲੋਕ ਠੀਕ ਹੋਏ ਹਨ।

    ਭਾਰਤ ਦੀ ਗੱਲ ਕਰੀਏ ਤਾਂ ਕੁੱਲ ਮਾਮਲਿਆਂ ਦੀ ਗਿਣਤੀ 96,169 ਤੱਕ ਪਹੁੰਚ ਚੁੱਕੀ ਹੈ, 36,824 ਲੋਕ ਇਸ ਤੋਂ ਠੀਕ ਹੋ ਚੁੱਕੇ ਹਨ ਅਤੇ 3029 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ ਭਾਰਤ ‘ਚ 5,242 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ 24 ਘੰਟਿਆਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ ਅਤੇ ਵੱਡੀ ਚਿੰਤਾ ਦਾ ਵਿਸ਼ਾ ਹੈ।

    LEAVE A REPLY

    Please enter your comment!
    Please enter your name here