ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਟਾਵਰ ਤੇ ਚੜ੍ਹਿਆ ਈ.ਜੀ.ਐੱਸ ਵਲੰਟੀਅਰ !

  0
  8

  ਕਪੂਰਥਲਾ, ਜਨਗਾਥਾ ਟਾਇਮਜ਼ : (ਸਿਮਰਨ)

  ਕਪੂਰਥਲਾ : ਸਿੱਖਿਆ ਵਿਭਾਗ ’ਚ ਰੈਗੂਲਰ ਕਰਨ ਅਤੇ ਤਨਖ਼ਾਹ ਵਧਾਉਣ ਦੀ ਮੰਗ ਨੂੰ ਲੈ ਕੇ ਅੱਜ ਕਪੂਰਥਲਾ ’ਚ ਈਜੀਐੱਸ ਵਲੰਟੀਅਰ ਅਧਿਆਪਕ ਨਿਸ਼ਾਂਤ ਕੁਮਾਰ ਟਾਵਰ ਤੇ ਚੜ ਗਿਆ। ਨਿਸ਼ਾਂਤ ਕੁਮਾਰ ਰਾਤ ਵਕਤ ਕਰੀਬ 12.30 ਵਜੇ ਟਾਵਰ ਤੇ ਚੜਿਆ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਤਾ ਲੱਗਦਿਆਂ ਹੀ ਡੀਐੱਸਪੀ ਹਰਿੰਦਰ ਸਿੰਘ ਗਿੱਲ ਮੌਕੇ ਤੇ ਪੁੱਜੇ ਅਤੇ ਨਿਸ਼ਾਂਤ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਆਪਣੀਆਂ ਮੰਗਾਂ ਨੂੰ ਲੈਕੇ ਅੜਿਆ ਰਿਹਾ। ਜਦੋਂ ਮਾਮਲਾ ਨਾਂ ਸੁਲਝਿਆ ਤਾਂ ਏਡੀਸੀ ਅਤੇ ਐੱਸਡੀਐੱਮ ਕਪੂਰਥਲਾ ਨੇ ਮੌਕੇ ਤੇ ਜਾ ਕੇ ਗੱਲਬਾਤ ਸ਼ੁਰੂ ਕੀਤੀ ਅਤੇ ਨਿਸ਼ਾਂਤ ਕੁਮਾਰ ਨੂੰ ਹੇਠਾਂ ਉੱਤਰਨ ਲਈ ਮਨਾ ਲਿਆ। ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਉਹ ਲਾਕਡਾਊਨ ਖ਼ਤਮ ਹੋਣ ਉਪਰੰਤ ਉਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾ ਦੇਣਗੇ। ਨਿਸ਼ਾਂਤ ਦੇ ਟਾਵਰ ਤੋਂ ਉੱਤਰ ਆਉਣ ਤੇ ਪ੍ਰਸ਼ਾਸ਼ਨ ਨੇ ਸੁੱਖ ਦਾ ਸਾਹ ਲਿਆ ਹੈ।

  ਨਿਸ਼ਾਂਤ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਦੇ ਲਾਰਿਆਂ ਦਾ ਦਰਦ ਹੰਢਾ ਰਹੇ ਹਨ। ਉਨ੍ਹਾਂ ਨੇ ਆਖਿਆ ਕਿ ਜਦੋਂ ਵੀ ਈਜੀਐੱਸ ਤੇ ਏਆਈ ਵਲੰਟੀਅਰ ਅਧਿਆਪਕਾਂ ਵੱਲੋਂ ਸੰਘਰਸ਼ ਕੀਤਾ ਗਿਆ ਤਾਂ ਸਰਕਾਰ ਨੇ ਉਨਾਂ ਨੂੰ ਕੁੱਝ ਦੇਣ ਦੀ ਬਜਾਏ ਲਾਰੇ ਹੀ ਪੱਲੇ ਪਾਏ ਹਨ। ਉਨ੍ਹਾਂ ਨੇ ਆਖਿਆ ਕਿ ਉਨਾਂ ਨੂੰ ਨਿਗੂਣੀ ਤਨਖ਼ਾਹ ਦਿੱਤੀ ਜਾਂਦੀ ਹੈ ਜਿਸ ਨਾਲ ਗੁਜ਼ਾਰਾ ਮੁਸ਼ਕਲ ਹੈ। ਨਿਸ਼ਾਂਤ ਨੇ ਕਿਹਾ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਵੇਲੇ ਕਾਂਗਰਸੀ ਆਗੂਆਂ ਅਤੇ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਹਕੂਮਤ ਆਉਂਦਿਆਂ ਹੀ ਉਨਾਂ ਨੂੰ ਰੈਗੂਲਰ ਕਰ ਦਿੱਤਾ ਜਾਏਗਾ। ਉਨ੍ਹਾਂ ਨੇ ਆਖਿਆ ਕਿ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਹਕੂਮਤ ਨੇ ਇਸ ਦਿਸ਼ਾ ’ਚ ਕੋਈ ਸਾਰਥਿਕ ਪਹਿਲਕਦਮੀ ਨਹੀਂ ਕੀਤੀ ਹੈ ਜਦੋਂਕਿ ਪਹਿਲਾਂ ਅਕਾਲੀ ਭਾਜਪਾ ਗੱਠਜੋੜ ਸਰਕਾਰ ਵੀ ਉਨਾਂ ਨੂੰ ਭਰੋਸੇੇ ਦਿਵਾਉਂਦਿਆਂ ਤੁਰ ਗਈ ਹੈ। ਨਿਸ਼ਾਂਤ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦਾ ਮਸਲਾ ਹੱਲ ਨਾਂ ਕੀਤਾ ਤਾਂ ਸੰਘਰਸ਼ ਕਰਕੇ ਹਕੂਮਤ ਦੇ ਨੱਕ ’ਚ ਦਮ ਕਰ ਦਿੱਤਾ ਜਾਏਗਾ।

  ਦੱਸਣਯੋਗ ਹੈ ਕਿ ਸਾਲ 2003 ’ਚ ਕੇਂਦਰ ਸਰਕਾਰ ਨੇ ਮੁਲਕ ਵਿੱਚੋਂ ਅਨਪੜਤਾ ਖ਼ਤਮ ਕਰਨ ਦੀ ਯੋਜਨਾ ਬਣਾਈ ਸੀ ਇਸ ਮੌਕੇ ਨੇ ਸਰਵ ਸਿੱਖਿਆ ਅਭਿਆਨ ਤਹਿਤ ਪੰਜਾਬ ਦੇ ਦਿਹਾਤੀ ਖੇਤਰਾਂ ਵਿਚ ਈ.ਜੀ.ਐੱਸ. (ਐਜੂਕੇਸ਼ਨ ਗਰੰਟਡ ਸਕੀਮ) ਅਤੇ ਏ.ਆਈ.ਈ. ਕੇਂਦਰ ਖੋਹਲੇ ਸਨ ਜਿਨ੍ਹਾਂ ’ਚ ਇਹ ਵਲੰਟੀਅਰ ਅਧਿਆਪਕ ਭਰਤੀ ਕੀਤੇ ਸਨ। ਦਿਨੋ-ਦਿਨ ਵੱਧ ਰਹੀ ਉਮਰ ਅਤੇ ਅੱਧੇ ਅਧੂਰੇ ਰੁਜਗਾਰਾਂ ਨੂੰ ਦੇਖਦਿਆਂ ਇਨ੍ਹਾਂ ਵਰਗਾਂ ਨੇ ਜਾਨ ਹੂਲਵਾਂ ਸੰਘਰਸ਼ ਚਲਾਇਆ ਸੀ। ਸਰਕਾਰ ਨੇ ਵਲੰਟੀਅਰ ਅਧਿਆਪਕਾਂ ਨਾਲ ਈ.ਟੀ.ਟੀ. ਕੋਰਸ ਕਰਨ ਤੋ ਬਾਅਦ ਪੱਕੀਆਂ ਸਰਕਾਰੀ ਨਿਯੁਕਤੀਆਂ ਦਾ ਭਰੋਸਾ ਦਿੱਤਾ ਸੀ ਪਰ ਇਹ ਸਮਝੌਤਾ ਤੋੜ ਨਹੀਂ ਚੜਿਆ ਜੋ ਸਮੱਸਿਆ ਦੀ ਅਸਲ ਜੜ ਹੈ।

  ਲਾਕਡਾਊਨ ’ਚ ਸਬਜ਼ੀ ਵੀ ਵੇਚਣੀ ਪਈ :

  ਨਿਸ਼ਾਂਤ ਕੁਮਾਰ ਨੂੰ ਸਰਕਾਰ ਵੱਲੋਂ ਲਾਏ ਲਾਕਡਾਊਨ ਕਾਰਨ ਘਰ ਚਲਾਉਣ ਦੇ ਸੰਕਟ ਨਾਂਲ ਜੂਝਣਾ ਪਿਆ ਹੈ। ਉਸ ਨੇ ਦੱਸਿਆ ਕਿ ਲਾਕਡਾਊਨ ਤੋਂ ਪਹਿਲਾਂ ਉਹ ਸਕੂਲ ਟਾਈਮ ਤੋਂ ਬਾਅਦ ਆਟੋ ਚਲਾਉਂਦਾ ਸੀ ਜਿਸ ਨੂੰ ਤਾਲਾਬੰਦੀ ਨੇ ਬਰੇਕਾਂ ਲਾ ਦਿੱਤੀਆਂ ਤਾਂ ਰੋਜੀ ਰੋਟੀ ਦੁੱਭਰ ਹੋ ਗਈ। ਉਸ ਨੇ ਆਖਿਆ ਕਿ ਜਦੋਂ ਕੋਈ ਵਾਹ ਨਾਂ ਚੱਲੀ ਤਾਂ ਅੰਤ ਨੂੰ ਉਸ ਨੂੰ ਚੁੱਲ ਮਘਦਾ ਰੱਖਣ ਲਈ ਸਬਜ਼ੀ ਵੇਚਣੀ ਪਈ। ਨਿਸ਼ਾਂਤ ਆਖਦਾ ਹੈ ਕਿ ਕਿਰਤ ਦੀ ਕੋਈ ਸ਼ਰਮ ਨਹੀਂ ਪਰ ਇਹ ਹਕੂਮਤਾਂ ਦੇ ਵਤੀਰੇ ਤੇ ਲਾਅਨਤ ਹੈ। ਉਨਾਂ ਆਖਿਆ ਕਿ ਜਦੋਂ ਕੌਮ ਦੇ ਨਿਰਮਾਤਾ ਕਹੇ ਜਾਣ ਵਾਲੇ ਅਧਿਆਪਕ ਦਾ ਇਹ ਹਾਲ ਹੋਵੇਗਾ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੌਮਾਂ ਕਿਹੋ ਜਿਹੀਆਂ ਹੋਣਗੀਆਂ।

  ਨਿਸ਼ਾਂਤ ਦਾ ਸੰਘਰਸ਼ੀ ਇਤਿਹਾਸ :

  ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੱਤਕਾਲੀ ਸਰਕਾਰ ਤੇ ਦਬਾਅ ਪਾਉਣ ਲਈ ਈਜੀਐਸ ਵਲੰਟੀਅਰ ਸੁਭਾਸ਼ ਪਾਰਕ ਬਠਿੰਡਾ ’ਚ ਪਾਣੀ ਵਾਲੀ ਟੈਂਕੀ ਤੇ ਚੜ ਗਏ ਸਨ ਜਿਨ੍ਹਾਂ ਵਿੱਚ ਨਿਸ਼ਾਂਤ ਕੁਮਾਰ ਵੀ ਸ਼ਾਮਲ ਸੀ। ਸਰਕਾਰ ਦੇ ਵਤੀਰੇ ਦੇ ਵਿਰੋਧ ’ਚ ਉਸ ਨੇ ਦਸੰਬਰ 2016 ਵਿੱਚ ਆਪਣੇ ਹੱਥ ਦੀ ਨਸਲ ਕੱਟ ਕੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕਤੀ ਸੀ ਪਰ ਉਸ ਨੂੰ ਸਾਥੀਆਂ ਨੇ ਬਚਾਅ ਲਿਆ। ਉਸ ਨੇ ਸਰਕਾਰ ਨੂੰ ਆਪਣੇ ਖ਼ੂਨ ਨਾਂਲ ਸੰਘਰਸ਼ੀ ਬੋਲ ਵੀ ਲਿਖੇ ਸਨ। ਇਸੇ ਤਰ੍ਹਾਂ ਹੀ ਉਸ ਨੇ ਆਤਮਦਾਹ ਕਰਨ ਦੇ ਮਨਸੇ ਨਾਲ ਖ਼ੁਦ ਤੇ ਪੈਟਰੋਲ ਵੀ ਛਿੜਕ ਲਿਆ ਸੀ ਪਰ ਨਾਲ ਖਲੋਤੇ ਵਲੰਟੀਅਰਾਂ ਨੇ ਉਸ ਨੂੰ ਕਾਬੂ ਕਰ ਲਿਆ।

  ਮਾਮਲਾ ਖ਼ਤਮ ਹੋਇਆ : ਡੀਐੱਸਪੀ

  ਡੀਐੱਸਪੀ ਹਰਿੰਦਰ ਸਿੰਘ ਗਿੱਲ ਦਾ ਕਹਿਣਾ ਸੀ ਕਿ ਨਿਸ਼ਾਂਤ ਕੁਮਾਰ ਨੂੰ ਵਿਸ਼ਵਾਸ ਦਿਵਾ ਦਿੱਤਾ ਗਿਆ ਹੈ ਕਿ ਲਾਕਡਾਊਨ ਖ਼ਤਮ ਹੁੰਦਿਆਂ ਹੀ ਉਸ ਦੀ ਗੰਲ ਪੰਜਾਬ ਸਰਕਾਰ ਤੱਕ ਪੁੱਜਦੀ ਕਰ ਦਿੱਤੀ ਜਾਏਗੀ। ਉਨ੍ਹਾਂ ਨੇ ਦੱਸਿਆ ਕਿ ਇਸ ਭਰੋਸੇ ਤੇ ਨਿਸ਼ਾਂਤ ਟਾਵਰ ਤੋਂ ਹੇਠਾਂ ਉੱਤਰ ਆਇਆ ਹੈ ਅਤੇ ਮਾਮਲਾ ਸਮਾਪਤ ਹੋ ਗਿਆ ਹੈ।

  LEAVE A REPLY

  Please enter your comment!
  Please enter your name here