ਤੇਜ਼ੀ ਨਾਲ ਵੱਧ ਰਿਹਾ ਹੈ ਚੱਕਰਵਾਤੀ ਤੂਫ਼ਾਨ ‘ਅਮਫਾਨ’ !

  0
  8

  ਜਨਗਾਥਾ ਟਾਇਮਜ਼ : (ਸਿਮਰਨ)

  ਨਵੀਂ ਦਿੱਲੀ : ਚੱਕਰਵਾਤੀ ਤੂਫ਼ਾਨ ‘ਅਮਫਾਨ’ ਬੰਗਾਲ ਦੀ ਖਾੜੀ ਦੇ ਉੱਤਰ-ਪੱਛਮ ‘ਚ ਪੱਛਮੀ ਬੰਗਾਲ ਅਤੇ ਉੱਤਰੀ ਓਡੀਸ਼ਾ ਦੇ ਤੱਟ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਅਗਲੇ ਕੁੱਝ ਘੰਟਿਆਂ ‘ਚ ਹੀ ਭਿਆਨਕ ਚੱਕਰਵਾਤ ਬਣ ਜਾਵੇਗਾ। ਇਸ ਖ਼ਤਰੇ ਦੇ ਮੱਦੇਨਜ਼ਰ ਓਡੀਸ਼ਾ ਅਤੇ ਪੱਛਮੀ ਬੰਗਾਲ ‘ਚ ਐੱਨ.ਡੀ.ਆਰ.ਐੱਫ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਓਡੀਸ਼ਾ ‘ਚ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਉਣ ਦੀ ਤਿਆਰੀ ਹੈ। ਇਹ ਪਿਛਲੇ 6 ਘੰਟਿਆਂ ਤੋਂ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ ਵੱਲ ਵੱਧ ਰਿਹਾ ਹੈ।

  ਗ੍ਰਹਿ ਮੰਤਰਾਲੇ ਅਨੁਸਾਰ ਚੱਕਰਵਾਤੀ ਤੂਫ਼ਾਨ ‘ਅਮਫਾਨ’ ਅੱਜ ਸ਼ਾਮ ਤੱਕ ਭਿਆਨਕ ਰੂਪ ਲੈ ਸਕਦਾ ਹੈ ਅਤੇ ਬੁੱਧਵਾਰ ਨੂੰ 185 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨਾਲ ਇਹ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਤੱਟ ਨਾਲ ਟਕਰਾ ਸਕਦਾ ਹੈ। ਮੰਤਰਾਲੇ ਨੇ ਪੱਛਮੀ ਬੰਗਾਲ ਅਤੇ ਓਡੀਸ਼ਾ ਸਰਕਾਰਾਂ ਨੂੰ ਜਾਰੀ ਐਡਵਾਇਜ਼ਰੀ ‘ਚ ਕਿਹਾ ਕਿ ‘ਅਮਫਾਨ’ ਹੁਣ ਦੱਖਣੀ ਬੰਗਾਲ ਦੀ ਖਾੜੀ ਦੇ ਮੱਧ ਹਿੱਸਿਆਂ ਅਤੇ ਨਾਲ ਦੀ ਮੱਧ ਬੰਗਾਲ ਦੀ ਖਾੜੀ ਦੇ ਉੱਪਰ ਮੌਜੂਦ ਹੈ।

  ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਸਮੇਂ ‘ਚ ਇਹ ਚੱਕਰਵਾਤ ਦੱਖਣੀ ਬੰਗਾਲ ਦੀ ਖਾੜੀ ਨਾਲ ਲੱਗੇ ਪੱਛਮੀ-ਮੱਧ ਅਤੇ ਮੱਧ ਹਿੱਸਿਆਂ ਦੇ ਉੱਪਰ ਹੈ, ਜੋ ਪਾਰਾਦੀਪ (ਓਡੀਸ਼ਾ) ਤੋਂ ਕਰੀਬ 790 ਕਿਲੋਮੀਟਰ ਦੱਖਣ, ਦੀਘਾ (ਪੱਛਮੀ ਬੰਗਾਲ) ਤੋਂ 940 ਕਿਲੋਮੀਟਰ ਦੱਖਣ-ਦੱਖਣ ਪੱਛਮੀ ਅਤੇ ਖੇਪੁਪਾਰਾ (ਬੰਗਲਾਦੇਸ਼) ਤੋਂ 1060 ਕਿਲੋਮੀਟਰ ਦੱਖਣ-ਦੱਖਣ ਪੱਛਮ ‘ਚ ਹੈ। ਅਧਿਕਾਰੀ ਨੇ ਕਿਹਾ ਕਿ ਇਹ ਤੂਫ਼ਾਨ ਸੋਮਵਾਰ ਸ਼ਾਮ ਤੱਕ ਪ੍ਰਚੰਡ ਚੱਕਰਵਾਤੀ ਤੂਫਾਨ ਦਾ ਰੂਪ ਲੈ ਸਕਦਾ ਹੈ।

  ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਚੱਕਰਵਾਤੀ ਤੂਫ਼ਾਨ ਅਮਫਾਨ ਦੱਖਣੀ-ਪੂਰਬੀ ਬੰਗਾਲ ਦੀ ਖਾੜੀ ਅਤੇ ਨੇੜਲੇ ਖੇਤਰਾਂ ਤੋਂ ਅੱਗੇ ਵੱਧ ਰਿਹਾ ਹੈ ਅਤੇ ਬੀਤੇ 6 ਘੰਟਿਆਂ ‘ਚ 6 ਕਿਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ-ਉੱਤਰ ਪੱਛਮੀ ਦਿਸ਼ਾ ਵੱਲ ਜਾ ਰਿਹਾ ਹੈ। ਅੱਜ ਭਾਵ ਸੋਮਵਾਰ ਤੱਕ ਇਹ ਉੱਤਰ ਦਿਸ਼ਾ ਵੱਲ ਵਧੇਗਾ ਅਤੇ ਫਿਰ ਉੱਤਰ-ਉੱਤਰ ਪੂਰਬ ‘ਚ ਉੱਤਰ-ਪੱਛਮੀ ਬੰਗਾਲ ਦੀ ਖਾੜੀ ਵੱਲ ਮੁੜ ਜਾਵੇਗਾ। 19 ਮਈ ਦੀ ਰਾਤ ਜਾਂ 20 ਮਈ ਦੀ ਸਵੇਰਸਾਰ ਤੱਕ ਇਸ ਦੇ ਲੈਂਡਫਾਲ ਕਰਨ ਭਾਵ ਤੱਟਾਂ ਨਾਲ ਟਕਰਾਉਣ ਦੀ ਸੰਭਾਵਨਾ ਹੈ।

  LEAVE A REPLY

  Please enter your comment!
  Please enter your name here