25 ਸਾਲ ਦੇ ਨੌਜਵਾਨ ਨੇ ਦੁਕਾਨ ਅੰਦਰ ਫਾਹਾ ਲਾ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ

    0
    141

    ਫਗਵਾੜਾ, ਜਨਗਾਥਾ ਟਾਇਮਜ਼: (ਰਵਿੰਦਰ)

    ਫਗਵਾੜਾ ਦੇ ਨਜ਼ਦੀਕੀ ਪਿੰਡ ਢੱਕ ਪੰਡੋਰੀ ਵਿਖੇ ਇਕ ਨੌਜਵਾਨ ਵਲੋਂ ਆਪਣੀ ਦੁਕਾਨ ਅੰਦਰ ਫਾਹਾ ਲਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਜਿਸ ਦੀ ਜਾਣਕਾਰੀ ਪਿੰਡ ਵਾਸੀਆਂ ਨੇ ਥਾਣਾ ਸਦਰ ਫਗਵਾੜਾ ਦੀ ਪੁਲਿਸ ਨੂੰ ਦਿੱਤੀ। ਮੌਕੇ ‘ਤੇ ਪੁੱਜੇ ਪੁਲਿਸ ਮੁਲਾਜ਼ਮਾਂ ਨੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰੱਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਏਐੱਸਆਈ ਨਿਰਮਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਸੂਚਨਾ ਮਿਲੀ ਕਿ ਪਿੰਡ ਢੱਕ ਪੰਡੋਰੀ ਦੇ 25 ਸਾਲ ਦੇ ਨੌਜਵਾਨ ਨੇ ਆਪਣੀ ਦੁਕਾਨ ਅੰਦਰ ਹੀ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਮੌਕੇ ‘ਤੇ ਪੁੱਜ ਕੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ‘ਚ ਰੱਖਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਅਸੀਂ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਮ੍ਰਿਤਕ ਅਮਰ ਸੁਨੀਲ ਪੁੱਤਰ ਹਰਬੰਸ ਲਾਲ ਵਾਸੀ ਢੱਕ ਪੰਡੋਰੀ ਨੇ ਗਾਡਰ ਦੇ ਨਾਲ ਰੱਸੀ ਬੰਨ੍ਹ ਕੇ ਆਪਣੇ ਆਪ ਨੂੰ ਲਟਕਾ ਲਿਆ ਸੀ ਜਿਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਉਤਾਰ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਖੇ ਰੱਖਵਾ ਦਿੱਤਾ ਗਿਆ। ਜਾਂਚ ਕਰਨ ਦੌਰਾਨ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ। ਘਰ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

    ਪਿੰਡ ਦੇ ਵਸਨੀਕ ਤੇ ਮੋਹਤਬਰ ਵਿਜੇ ਪੰਡੋਰੀ ਨੇ ਦੱਸਿਆਂ ਕਿ ਮ੍ਰਿਤਕ ਅਮਰ ਸੁਨੀਲ ਦਾ ਪਿਤਾ ਵਿਦੇਸ਼ ‘ਚ ਹੈ, ਮਾਤਾ ਘਰੇਲੂ ਮਹਿਲਾ ਹੈ, ਨੌਜਵਾਨ ਦਾ ਇਕ ਛੋਟਾ ਭਰਾ ਹੈ ਤੇ ਭੈਣ ਦਾ ਵਿਆਹ ਹੋ ਚੁੱਕਾ ਹੈ। ਮ੍ਰਿਤਕ ਗੱਡੀਆਂ ਦੀ ਰਿਪੇਅਰ ਦਾ ਕੰਮ ਕਰਦਾ ਸੀ ਜਦੋਂ ਕੋਈ ਗੱਡੀ ਦੀ ਰਿਪੇਅਰ ਲਈ ਆਉਂਦੀ ਸੀ ਤੇ ਉਸੇ ਦੁਕਾਨ ‘ਚ ਜਿੱਥੇ ਫਾਹਾ ਲਿਆ ਹੈ, ਉੱਥੇ ਹੀ ਰਿਪੇਅਰ ਕਰਦਾ ਸੀ। ਉਨ੍ਹਾਂ ਦੱਸਿਆ ਕਿ ਘਰੋਂ ਮ੍ਰਿਤਕ ਅਮਰ ਸੁਨੀਲ ਰਿਸ਼ਤੇਦਾਰਾਂ ਦੇ ਖੇਤਾਂ ‘ਚ ਵਾਹੀ ਕਰਨ ਗਿਆ ਸੀ ਪਰ ਟ੍ਰੈਕਟਰ ਦੁਕਾਨ ਦੇ ਬਾਹਰ ਖੜ੍ਹਾ ਕਰ ਕੇ ਆਪ ਦੁਕਾਨ ਅੰਦਰ ਜਾ ਵੜਿਆ, ਜਦੋਂ ਕਾਫੀ ਦੇਰ ਉਹ ਘਰ ਨਹੀਂ ਪੁੱਜਾ ਤਾਂ ਦੁਕਾਨ ‘ਤੇ ਜਾ ਕੇ ਦੇਖਿਆ ਤਾਂ ਉਸ ਨੇ ਫਾਹਾ ਲਾਇਆ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ‘ਚ ਕਦੇ ਕੋਈ ਲੜਾਈ ਝਗੜਾ ਵੀ ਨਹੀਂ ਸੁਣਿਆ। ਵਿਜੇ ਪੰਡੋਰੀ ਨੇ ਦੱਸਿਆ ਕਿ ਮ੍ਰਿਤਕ ਲੜਕੇ ਦੀ ਮੋਬਾਈਲ ਡਿਟੇਲ ਨਾਲ ਹੀ ਰਾਜ ਖੁੱਲ੍ਹਣਗੇ।

    LEAVE A REPLY

    Please enter your comment!
    Please enter your name here