Select Page

ਭਾਈ ਘਨਈਆ ਰਾਮ ਡੇਰਾ ਪਠਲਾਵਾ ‘ਚ ਸ਼ਾਮਿਲ ਹੋ ਕੇ ਪਰਤੇ ਸ਼ਰਧਾਲੂ ਜ਼ਿਲ੍ਹਾ ਪ੍ਰਸਾਸ਼ਨ ਨੂੰ ਸੂਚਿਤ ਕਰਨ : ਡਿਪਟੀ ਕਮਿਸ਼ਨਰ

ਭਾਈ ਘਨਈਆ ਰਾਮ ਡੇਰਾ ਪਠਲਾਵਾ ‘ਚ ਸ਼ਾਮਿਲ ਹੋ ਕੇ ਪਰਤੇ ਸ਼ਰਧਾਲੂ ਜ਼ਿਲ੍ਹਾ ਪ੍ਰਸਾਸ਼ਨ ਨੂੰ ਸੂਚਿਤ ਕਰਨ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ ( ਸਿਮਰਨ ) ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਭਾਈ ਘਨਈਆ ਰਾਮ ਡੇਰਾ ਪਠਲਾਵਾ (ਨਵਾਂਸ਼ਹਿਰ) ਵਿਖੇ ਸ਼ਾਮਲ ਹੋ ਕੇ ਆਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਰਧਾਲੂਆਂ ਨੂੰ ਵਲੰਟੀਅਰ ਪੱਧਰ ‘ਤੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਹੈ। ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ 28 ਦਿਨਾਂ ਦੌਰਾਨ ਇਸ ਧਾਰਮਿਕ ਅਸਥਾਨ ਦੀ ਯਾਤਰਾ ਕਰਨ ਵਾਲੇ ਸ਼ਰਧਾਲੂ ਅਹਿਤਿਆਤ ਵਜੋਂ ਪ੍ਰਸਾਸ਼ਨ ਵਲੋਂ ਸਥਾਪਿਤ ਕੀਤੇ ਗਏ ਕੰਟਰੋਲ ਰੂਮ ਦੇ ਨੰਬਰਾਂ 01882-220412, 98148-53692 ‘ਤੇ ਤੁਰੰਤ ਜਾਣਕਾਰੀ ਦੇਣ।
ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਅਜਿਹੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਸਬੰਧੀ ਸਿਹਤ ਵਿਭਾਗ ਨਾਲ ਜਾਣਕਾਰੀ ਸਾਂਝੀ ਕਰਨ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਸਲਾਹ ਨਾਲ ਇਕਾਂਤਵਾਸ ਵਿੱਚ ਰਹਿ ਕੇ ਵੀ ਤੰਦਰੁਸਤ ਹੋਇਆ ਜਾ ਸਕਦਾ ਹੈ ਅਤੇ ਇਸ ਔਖੀ ਘੜੀ ਵਿੱਚ ਮਾਨਵਤਾ ਦੀ ਭਲਾਈ ਲਈ ਆਪਸੀ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਕਮਰਾ ਨੰਬਰ-204, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 24 ਘੰਟੇ ਕੰਮ ਕਰਨ ਲਈ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ ਅਤੇ ਇਸ ਕੰਟਰੋਲ ਰੂਮ ਲਈ ਨੋਡਲ ਅਫ਼ਸਰ ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਅਮਨ ਪਾਲ ਸਿੰਘ ਨੂੰ ਲਗਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੁਨੀਆਂ ਭਰ ਵਿੱਚ ਮਹਾਂਮਾਰੀ ਦੇ ਪੱਧਰ ‘ਤੇ ਫੈਲ ਰਿਹਾ ਹੈ ਅਤੇ ਅਜਿਹੇ ਵੇਲੇ ਸਭ ਦਾ ਨੈਤਿਕ ਫਰਜ਼ ਬਣਦਾ ਹੈ ਕਿ ਮਨੁੱਖਤਾ ਦੇ ਭਲੇ ਲਈ ਖੁਦ ਆਪਣੇ, ਪਰਿਵਾਰਕ ਮੈਂਬਰਾਂ ਅਤੇ ਆਲੇ-ਦੁਆਲੇ ਵੱਸਦੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਤਰਜ਼ੀਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੋ ਸ਼ਰਧਾਲੂ ਡੇਰਾ ਬਾਬਾ ਨਿਰਮਲ ਬੰਗਾ ਕੁਟੀਆ ਪਠਲਾਵਾ ਵਿਖੇ ਜਾ ਕੇ ਆਏ ਹਨ ਜਾਂ ਲੰਗਰ ਤੇ ਕੀਰਤਨ ਵਿੱਚ ਸ਼ਾਮਿਲ ਹੋਏ ਹਨ, ਉਹ ਵੀ ਉਕਤ ਕੰਟਰੋਲ ਰੂਮ ਦੇ ਨੰਬਰਾਂ ‘ਤੇ ਸੂਚਿਤ ਕਰਨ, ਤਾਂ ਜੋ ਲੀੜੀਂਦਾ ਮੈਡੀਕਲ ਚੈਕਅੱਪ ਕਰਵਾਕੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।ਉਨ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਦੇਸ਼ੋਂ ਪਰਤੇ ਸਮੂਹ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਇਕਾਂਤਵਾਸ ਵਿੱਚ ਰਹਿਣ।
ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਵਿਦੇਸ਼ ਤੋਂ ਪਰਤੇ ਅਤੇ ਉਕਤ ਧਾਰਮਿਕ ਅਸਥਾਨਾਂ/ਸਮਾਗਮਾਂ ਵਿੱਚ ਸ਼ਿਰਕਤ ਕਰਕੇ ਆਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਰਧਾਲੂਆਂ ਨੂੰ ਵਲੰਟੀਅਰ ਪੱਧਰ ‘ਤੇ ਅੱਗੇ ਆਉਣ ਦੀ ਲੋੜ ਹੈ, ਤਾਂ ਜੋ ਉਨ੍ਹਾਂਨੂੰ ਇਕਾਂਤਵਾਸ ਵਿੱਚ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਸਬੰਧੀ ਸਿਹਤ ਵਿਭਾਗ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ, ਤਾਂ ਜੋ ਅਜਿਹੇ ਵਿਅਕਤੀਆਂ ਨੂੰ ‘ਹੋਮ ਕੁਆਰਨਟਾਈਨ’ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਸਲਾਹ ਨਾਲ ਆਪਣੇ ਘਰ ਰਹਿ ਕੇ ਵੀ ਤੰਦਰੁਸਤ ਹੋਇਆ ਜਾ ਸਕਦਾ ਹੈ, ਇਸ ਲਈ ਆਪਸੀ ਸਹਿਯੋਗ ਬਹੁਤ ਜ਼ਰੂਰੀ ਹੈ।

About The Author

Leave a reply

Your email address will not be published. Required fields are marked *