Select Page

ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਜ਼ਰੂਰੀ : ਡਿਪਟੀ ਕਮਿਸ਼ਨਰ

ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਜ਼ਰੂਰੀ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

ਹੁਸ਼ਿਆਰਪੁਰ: ਜਿੱਥੇ ਪੰਜਾਬ ਸਰਕਾਰ ਵਲੋਂ ਕੋਵਿਡ-19 (ਕੋਰੋਨਾ ਵਾਇਰਸ) ਦੇ ਮੱਦੇਨਜ਼ਰ ਸੂਬਾ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਸ਼ਾਪਿੰਗ ਏਰੀਆ, ਮਾਲ, ਸਿਨੇਮਾ ਹਾਲ, ਪਬਲਿਕ ਟਰਾਂਸਪੋਰਟ, ਸਪੋਰਟਸ ਕੰਪਲੈਕਸ ਅਤੇ ਸਕੂਲਾਂ-ਕਾਲਜਾਂ ਆਦਿ ਲਈ ਅਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ, ਤਾਂ ਜੋ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਭਾਵੇਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ, ਪਰ ਫਿਰ ਵੀ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਖਾਂਸੀ, ਬੁਖਾਰ ਜਾਂ ਸਾਹ ਲੈਣ ਵਿੱਚ ਤਕਲੀਫ਼ ਆਦਿ ਲੱਛਣ ਸਾਹਮਣੇ ਆਉਣ ‘ਤੇ ਤੁਰੰਤ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਜਿੱਥੇ ਸਿਹਤ ਵਿਭਾਗ ਨੂੰ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੇ ਨਿਰਦੇਸ਼ ਦਿੱਤੇ, ਉਥੇ ਐਸ.ਡੀ.ਐਮਜ਼ ਨੂੰ ਧਾਰਮਿਕ ਸੰਸਥਾਵਾਂ, ਪ੍ਰਾਈਵੇਟ ਹਸਪਤਾਲਾਂ, ਸਿਨੇਮਾ ਹਾਲ ਅਤੇ ਸਕੂਲਾਂ-ਕਾਲਜਾਂ ਆਦਿ ਨੂੰ ਸਰਕਾਰ ਵਲੋਂ ਜਾਰੀ ਕੀਤੀ ਅਡਵਾਇਜ਼ਰੀ ਬਾਰੇ ਜਾਣੂ ਕਰਵਾਉਣ ਲਈ ਵੀ ਕਿਹਾ, ਤਾਂ ਜੋ ਪਹਿਲਾਂ ਹੀ ਸਾਵਧਾਨੀਆਂ ਵਰਤੀਆਂ ਜਾ ਸਕਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ੌਪਿੰਗ ਏਰੀਆ/ਦੁਕਾਨਾਂ, ਮਾਲ, ਸਿਨੇਮਾ ਹਾਲ ਅਤੇ ਸਪੋਰਟਸ ਕੰਪਲੈਕਸ ਆਦਿ ਮੈਨੇਜਮੈਂਟ ਵਲੋਂ ਕੋਰੋਨਾ ਵਾਇਰਸ ਸਬੰਧੀ ਜਾਗਰੂਕਤਾ ਮਟੀਰੀਅਲ ਪ੍ਰਕਾਸ਼ਿਤ ਕਰਵਾਇਆ ਜਾਵੇ ਅਤੇ ਜੇਕਰ ਕੋਈ ਸ਼ੱਕੀ ਮਰੀਜ਼ ਸਾਹਮਣੇ ਆਉਂਦਾ ਹੈ, ਤਾਂ ਤੁਰੰਤ ਸਿਹਤ ਸੰਸਥਾ (ਸਟੇਟ ਕੰਟਰੋਲ ਰੂਮ 8872090029, 1722920074) ਨਾਲ ਸੰਪਰਕ ਕੀਤਾ ਜਾਵੇ ਅਤੇ ਸਹਾਇਤਾ ਮਿਲਣ ਤੱਕ ਸ਼ੱਕੀ ਮਰੀਜ਼ ਨੂੰ ਵੱਖਰੀ ਚੋਣ ਕੀਤੀ ਹੋਈ ਜਗ੍ਹਾ ‘ਤੇ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਸ਼ੌਪਿੰਗ ਏਰੀਆ, ਮਾਲ ਅਤੇ ਸਿਨੇਮਾ ਵਿੱਚ ਆਉਣ ਵਾਲੀ ਭੀੜ ਦੇ ਰਸਤੇ ਵਿੱਚ ਕੂੜੇਦਾਨਾਂ ਦਾ ਪ੍ਰਬੰਧ ਕਰਨ ਤੋਂ ਇਲਾਵਾ ਹੈਂਡ ਸੈਨੀਟਾਈਜ਼ਰ ਦਾ ਪ੍ਰਬੰਧ ਵੀ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਪਬਲਿਕ ਟਰਾਂਸਪੋਰਟ ਲਈ ਵੀ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ, ਜਿਸ ਤਹਿਤ ਸਲਾਹ ਦਿੱਤੀ ਗਈ ਹੈ ਕਿ ਸਵਾਰੀਆਂ ਨੂੰ ਓਵਰਲੋਡ ਨਾ ਕਰੋ, ਸਫਾਈ ਦੇ ਨਾਲ-ਨਾਲ ਵਹੀਕਲ ਵਿੱਚ ਸੈਨੀਟਾਈਜ਼ਰ ਤੇ ਡਸਟਬਿਨ ਰੱਖੋ, ਆਪਣੇ ਵਹੀਕਲ ‘ਤੇ ਨੈਸ਼ਨਲ/ਸਟੇਟ ਕੰਟਰੋਲ ਰੂਮ ਨੰਬਰਾਂ ਨੂੰ ਪ੍ਰਕਾਸ਼ਿਤ ਕਰਨਾ ਯਕੀਨੀ ਬਣਾਓ। ਇਸ ਤੋਂ ਇਲਾਵਾ ਮੈਨੇਜਮੈਂਟ ਵਲੋਂ ਖੇਡ ਮੈਦਾਨ ਦੇ ਅੰਦਰ ਅਤੇ ਬਾਹਰ ਉਕਤ ਜਾਗਰੂਕਤਾ ਨੰਬਰਾਂ ਤੋਂ ਇਲਾਵਾ ਕੋਰੋਨਾ ਵਾਇਰਸ ਸਬੰਧੀ ਵੱਡੇ ਹੋਰਡਿੰਗਜ਼, ਬੈਨਰ ਸਮੇਤ ਜਾਗਰੂਕਤਾ ਸਮੱਗਰੀ ਪ੍ਰਕਾਸ਼ਿਤ ਕਰਵਾਉਣ ਦੀ ਸਲਾਹ ਵੀ ਦਿੱਤੀ ਗਈ ਹੈ।

ਅਪਨੀਤ ਰਿਆਤ ਨੇ ਦੱਸਿਆ ਕਿ ਸਕੂਲਾਂ, ਕਾਲਜਾਂ ਵਿੱਚ ਵੀ ਚੌਕਸੀ ਬਹੁਤ ਜ਼ਰੂਰੀ ਹੈ, ਤਾਂ ਜੋ ਇਸ ਵਾਇਰਸ ਤੋਂ ਬਚਿਆ ਜਾ ਸਕੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹੱਥਾਂ ਨੂੰ ਸਾਫ ਰੱਖਣ, ਹੱਥ ਸਮੇਂ-ਸਮੇਂ ‘ਤੇ ਸਾਬਣ ਤੇ ਪਾਣੀ ਨਾਲ ਘੱਟੋ-ਘੱਟ 20 ਸੈਕਿੰਡ ਤੱਕ ਸਾਫ ਕਰਦੇ ਰਹੋ ਜਾਂ ਐਲਕੋਹਲ ਬੇਸਡ ਸੈਨੀਟਾਈਜ਼ਰ ਦੀ ਵਰਤੋਂ ਕਰੋ, ਖਾਂਸੀ ਜਾਂ ਛਿੱਕਦੇ ਸਮੇਂ ਰੁਮਾਲ ਜਾਂ ਟਿਸ਼ੂ ਨਾਲ ਮੂੰਹ ਢੱਕ ਕੇ ਰੱਖੋ ਅਤੇ ਜੇਕਰ ਰੁਮਾਲ ਨਹੀਂ ਹੈ ਤਾਂ ਆਪਣੀ ਕੂਹਣੀ ਨੂੰ ਇਕੱਠਾ ਕਰਕੇ ਮੂੰਹ ਢੱਕੋ, ਉਪਰੰਤ ਸਾਬਣ ਨਾਲ ਚੰਗੀ ਤਰ੍ਹਾਂ ਹੱਥਾਂ ਨੂੰ ਧੋਵੋ, ਭੀੜ ਵਾਲੀ ਜਗ੍ਹਾ ‘ਤੇ ਨਾ ਜਾਓ। ਇਸ ਤੋਂ ਇਲਾਵਾ ਆਪਣੀਆਂ ਅੱਖਾਂ, ਮੂੰਹ ਅਤੇ ਨੱਕ ਨੂੰ ਨਾ ਛੂਹੋ। ਉਨ੍ਹਾਂ ਕਿ ਜੇਕਰ ਕੋਈ ਵਿਅਕਤੀ ਪਿਛਲੇ 14 ਦਿਨਾਂ ਵਿੱਚ ਕੋਵਿਡ-19 ਨਾਲ ਪ੍ਰਭਾਵਿਤ ਖੇਤਰ ਜਾਂ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ ਤਾਂ ਉਹ ਭੀੜ-ਭੜੱਕੇ ਵਾਲੀ ਜਗ੍ਹਾ ਵਿੱਚ ਨਾ ਜਾਵੇ ਅਤੇ ਉਹ ਆਪਣੇ ਆਪ ਨੂੰ 14 ਦਿਨਾਂ ਤੱਕ ਘਰ ਵਿੱਚ ਵੱਖਰਾ ਰੱਖੇ। ਉਨ੍ਹਾਂ ਦੱਸਿਆ ਕਿ ਸਿਹਤ ਸਬੰਧੀ ਜਾਣਕਾਰੀ ਅਤੇ ਸੁਝਾਵਾਂ ਲਈ ਟੋਲ ਫਰੀ ਨੰਬਰ 104 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

About The Author

Leave a reply

Your email address will not be published. Required fields are marked *