ਸਿੱਖਿਆ ਮੰਤਰੀ ਵੱਲੋਂ ਮੀਟਿੰਗ ਤੋਂ ਟਾਲਾ ਵੱਟਣ ਤੋਂ ਖਫ਼ਾ ਅਧਿਆਪਕਾਂ ਨੇ ਫੂਕੇ ਪੁਤਲੇ

    0
    128

    ਮਾਨਸਾ, ਜਨਗਾਥਾ ਟਾਇਮਜ਼: (ਰਵਿੰਦਰ)

    ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਇਕਾਈ ਮਾਨਸਾ ਵੱਲੋਂ ਸੂਬਾ ਕਮੇਟੀ ਦੇ ਸੱਦੇ ਉੱਪਰ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਜੱਥੇਬੰਦੀ ਅਧਿਆਪਕਾਂ ਦੀਆਂ ਹੱਕੀ ਮੰਗਾਂ ਲਈ ਮੀਟਿੰਗਾਂ ਤੋਂ ਟਾਲਾ ਵੱਟਣ ਦੇ ਵਿਰੋਧ ਵਿੱਚ ਅੱਜ ਬਾਲ ਭਵਨ ਵਿੱਚ ਰੋਸ ਰੈਲੀ ਕਰਨ ਉਪਰੰਤ ਸਿੱਖਿਆ ਮੰਤਰੀ ਦੀ ਅਰਥੀ ਫੂਕੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਜ਼ਿਲ੍ਹਾ ਸਕੱਤਰ ਹਰਜਿੰਦਰ ਅਨੂਪਗੜ੍ਹ ਨੇ ਕਿਹਾ ਕਿ ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ ਪਰੋਖੇ ਕਰਕੇ ਮੀਟਿੰਗਾਂ ਦੇਣ ਤੋਂ ਬਾਅਦ ਮੀਟਿੰਗਾਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਅਧਿਆਪਕ ਤੇ ਸਿੱਖਿਆ ਵਿਰੋਧੀ ਫੈਸਲੇ ਲਾਗੂ ਕਾਰਨ ਪੰਜਾਬ ਦੇ ਅਧਿਆਪਕਾਂ ਵਿਚ ਸਿੱਖਿਆ ਮੰਤਰੀ ਪ੍ਰਤੀ ਗੁੱਸਾ ਭਰਿਆ ਹੋਇਆ ਹੈ।

    2022 ਦੇ ਚੋਣ ਏਜੰਡੇ ਦੇ ਚੱਲਦਿਆਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਕਰੋਨਾ ਬਿਮਾਰੀ ਦੇ ਸਿਖਰ ਨੂੰ ਅਣਗੌਲਿਆਂ ਕਰਦਿਆਂ ਅਧਿਆਪਕਾਂ ਨੂੰ ਘਰ-ਘਰ ਜਾ ਕੇ ਦਾਖਲਾ ਕਰਨ ਦੇ ਤਗਲਕੀ ਹੁਕਮਾਂ ਕਾਰਨ 37 ਅਧਿਆਪਕ ਕਰੋਨਾ ਦੀ ਬਿਮਾਰੀ ਕਾਰਨ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ ਅਤੇ ਸੈਂਕੜੇ ਅਧਿਆਪਕ ਕਰੋਨਾ ਬਿਮਾਰੀ ਨਾਲ ਲੜ ਰਹੇ ਹਨ। ਕਰੋਨਾ ਲਾਗ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਤੱਕ ਪੁਜਣ ਕਾਰਨ ਉਨ੍ਹਾਂ ਦੇ ਬਜ਼ਰਗ ਮਾਤਾ-ਪਿਤਾ ਅਤੇ ਹੋਰ ਪਰਿਵਾਰਕ ਮੈਂਬਰ ਵੀ ਜ਼ਿੰਦਗੀ ਦੀ ਬਾਜ਼ੀ ਹਾਰ ਗਏ ਹਨ। ਡੀਟੀਐਫ ਦੇ ਸੀਨੀਅਰ ਆਗੂਆਂ ਗੁਰਤੇਜ ਉੱਭਾ, ਰਾਜਵਿੰਦਰ ਬੈਹਣੀਵਾਲ ਅਤੇ ਅਵਤਾਰ ਸਮਰਾ ਨੇ ਕਿਹਾ ਕਿ ਵਿਭਾਗ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਦੇ ਲਗੂ ਕਰਨ ਨੂੰ ਅੱਠਵੀਂ ਵਾਰ ਅੱਗੇ ਪਾਉਣਾ ਸਿੱਖਿਆ ਵਿਭਾਗ ਦੀ ਆਨਲਾਈਨ ਬਦਲੀ ਨੀਤੀ ਦੇ ਫਲਾਪ ਹੋਣ ਦੀ ਨਿਸ਼ਾਨੀ ਹੈ ਅਤੇ ਅਜਿਹਾ ਕਰਨਾ ਆਪਣੇ ਘਰਾਂ ਤੋਂ ਦੂਰ ਬੈਠੇ ਅਧਿਆਪਕਾਂ ਲਈ ਮੁਸ਼ਕਿਲਾਂ ਵਿੱਚ ਅਥਾਹ ਵਾਧਾ ਕਰਨਾ ਹੈ। ਸਰਕਾਰ ਵੱਲੋ ਈ.ਟੀ.ਟੀ. ਅਧਿਆਪਕਾਂ ਦੀ ਨਵੀਂ ਭਰਤੀ ਦੀ ਸਾਰੀ ਪ੍ਰਕਿਰਿਆ ਪੂਰੀ ਹੋ ਜਾਣ ਦੇ ਬਾਵਜੂਦ ਵੀ ਉਨ੍ਹਾਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਹਾਜ਼ਰ ਨਹੀਂ ਕਰਵਾਇਆ ਜਾ ਰਿਹਾ।ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨ ਤੋਂ ਟਾਲਾ ਵਾਟਿਆ ਜਾ ਰਿਹਾ ਹੈ। ਈ.ਜੀ.ਐੱਸ./ਏ.ਆਈ.ਈ./ਐਸ.ਟੀ.ਆਰ ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੂੰ 15 ਸਾਲਾਂ ਦੀ ਸੇਵਾ ਤੋਂ ਬਾਅਦ ਵੀ ਨਿਗੂਣੀਆਂ ਤਨਖਾਹਾਂ ਅਤੇ ਮਾੜੀਆਂ ਸੇਵਾ ਸ਼ਰਤਾਂ ’ਤੇ ਰੋਲਿਆ ਜਾ ਰਿਹਾ ਹੈ। ਅਧਿਆਪਕਾਂ ਆਗੂ ਚਰਨਪਾਲ ਦਸੌਂਧੀਆ, ਕੁਲਦੀਪ ਅੱਕਾਂਵਾਲੀ, ਵਰਿੰਦਰ ਬਰਾੜ ਅਤੇ ਤਰਵਿੰਦਰ ਹੀਰੇਵਾਲਾ ਨੇ ਕਿਹਾ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੀ ਸਹਿਮਤੀ ਨਾਲ ਅਧਿਆਪਕਾਂ ਦੀਆਂ ਕਰੋਨਾ ਵਿੱਚ ਡਿਉਟੀਆਂ ’ਤੇ ਸਹਿਮਤੀ ਦੇ ਕੇ ਵੱਡੀ ਪੱਧਰ ’ਤੇ ਅਧਿਆਪਕਾਂ ਨੂੰ ਕਰੋਨਾ ਅਤੇ ਬੀ.ਐਲ.ਓ. ਵਰਗੀਆਂ ਗੈਰ ਵਿੱਦਿਅਕ ਡਿਊਟੀਆਂ ਤੋਂ ਪਾਸੇ ਰੱਖ ਕੇ ਵਿਦਿਆਰਥੀ ਦੀ ਸਿੱਖਿਆ ਦਾ ਵੱਡਾ ਨੁਕਸਾਨ ਕੀਤਾ ਗਿਆ ਹੈ। ਸਰਕਾਰ ਅਧਿਆਪਕਾਂ ਨੂੰ ਇੰਨ੍ਹਾਂ ਡਿਊਟੀਆਂ ਤੋਂ ਫਾਰਗ ਕਰਕੇ ਸਿਹਤ, ਚੋਣ ਅਤੇ ਹੋਰਾਂ ਵਿਭਾਗਾਂ ’ਚ ਲੋੜੀਂਦਾ ਸਟਾਫ ਭਰਤੀ ਕਰੇ। ਸਿੱਖਿਆ ਸਕੱਤਰ ਦੁਆਰਾ ਰਿਟਾਇਰ ਅਧਿਆਪਕਾਂ ਨੂੰ ਮੁੜ ਸਕੂਲਾਂ ਵਿੱਚ ਸਵੈ-ਇੱਛਕ ਸੇਵਾਵਾਂ ਦੇਣ ਦੀ ਚਿੱਠੀ ਨੂੰ ਨਵੀਂ ਕੌਮੀ ਸਿੱਖਿਆ ਨੀਤੀ ਦੀ ‘ਜਨ ਸੇਵਕ’ ਭਰਤੀ ਕਰਨ ਦੇ ਏਜੰਡੇ ਦੀ ਸ਼ੁਰੂਆਤ ਕਰਾਰ ਦਿੱਤਾ।

    ਅਧਿਆਪਕ ਆਗੂਆਂ ਗੁਰਜੀਤ ਰੜ, ਗੁਰਵਿੰਦਰ ਮਾਨਸਾ, ਮਨਜੀਤ ਧਾਲੀਵਾਲ ਅਤੇ ਲਖਵਿੰਦਰ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦਾ ਛੇਵਾਂ ਤਨਖਾਹ ਕਮਿਸ਼ਨ ਪੰਜਾਬ ਸਰਕਾਰ ਆਪਣੇ ਐਲਾਨ ਅਨੁਸਾਰ 01 ਜਨਵਰੀ 2016 ਤੋਂ ਲਾਗੂ ਕਰੇ ਅਤੇ ਰਹਿੰਦੀਆਂ ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਕੇ ਬਕਾਏ ਕਰਮਚਾਰੀਆਂ ਦੇ ਬੈੱਕ ਖਾਤਿਆ ਵਿੱਚ ਜਮਾਂ ਕਰਵਾਏ, ਕਰੋਨਾ ਤੋਂ ਪੀੜ੍ਹਤ ਅਧਿਆਪਕਾਂ ਨੂੰ ਮੈਡੀਕਲ ਛੁੱਟੀ ਦੀ ਬਜਾਏ ਬਾਕੀ ਸਰਕਾਰੀ ਵਿਭਾਗਾਂ ਦੇ ਮੁਲਾਜਮਾਂ ਵਾਂਗ ਸਿਹਤ ਮਿਸ਼ਨ ਵਿਭਾਗ ਪੰਜਾਬ ਦੀਆਂ ਸਿਫਾਰਸ਼ਾਂ ਅਨੁਸਾਰ 17 ਦਿਨਾਂ ਦੀ ਬਣਦੀ ਵਿਸ਼ੇਸ਼ ਇਕਾਂਤਵਾਸ ਛੁੱਟੀ ਦਿੱਤੀ ਜਾਵੇ।

    ਅਧਿਆਪਕ ਆਗੂਆਂ ਸਹਿਦੇਵ ਸਿੰਘ, ਬੇਅੰਤ ਰੜ, ਸਿਕੰਦਰ ਰੜ ਅਤੇ ਹਰਦੀਪ ਸਿੱਧੂ ਨੇ ਰੈਲੀ ’ਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰੋਨਾ ਕਾਰਨ ਮੌਤ ਹੋਣ ਵਾਲੇ ਅਧਿਆਪਕਾਂ ਲਈ 50 ਲੱਖ ਦੀ ਰਾਸ਼ੀ ਵਧਾ ਕੇ ਦਿੱਲੀ ਸਰਕਾਰ ਦੀ ਤਰਜ ’ਤੇ ਇੱਕ ਕਰੋੜ ਰੁਪਏ ਕੀਤੀ ਜਾਵੇ ਅਤੇ ਇਸ ਲਈ ਤਰੁੰਤ ਸਰਕਾਰ ਸਿੱਖਿਆ ਵਿਭਾਗ ਨੂੰ ਵਿਸ਼ੇਸ਼ ਬਜ਼ਟ ਜਾਰੀ ਕਰੇ। ਕਰੋਨਾ ਕਾਰਨ ਮੌਤ ਹੋਣ ਵਾਲੇ ਅਧਿਆਪਕਾਂ ਦੇ ਪਰਿਵਾਰ ਦੀ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਲਈ ਵਿਸ਼ੇਸ਼ ਕੈਂਪਾਂ ਦਾ ਅਯੋਜਨ ਕਰਕੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਨੌਕਰੀ ਦੇਵੇ। ਇਸ ਮੂਜ਼ਾਹਰੇ ਵਿੱਚ ਗੁਰਮੀਤ ਝੁਨੀਰ, ਅਮਨਦੀਪ ਕੌਰ,ਗਗਨਦੀਪ ਕੌਰ, ਰੇਨੂ ਬਾਲਾ, ਅਮਰਪ੍ਰੀਤ ਕੌਰ, ਖੁਸ਼ਵਿੰਦਰ ਕੌਰ, ਗੁਰਵਿੰਦਰ ਕੌਰ, ਕਮਲਪ੍ਰੀਤ ਕੌਰ, ਮੰਜੂ ਬਾਲਾ,ਵੀਰਪਾਲ ਕੌਰ, ਮੱਘਰ ਸਿੰਘ ਹਾਕਮਵਾਲਾ, ਜਗਪਾਲ ਬੋਹਾ, ਸਮਰਜੀਤ ਅਤਲਾ, ਜਗਸੀਰ ਅਲੀਸ਼ੇਰ, ਗੁਰਜੀਤ ਮਾਨਸਾ, ਗੁਰਦੀਪ ਬਰਨਾਲਾ, ਜਗਵੰਤ ਦਲੀਏਵਾਲੀ, ਗੁਰਜੰਟ ਨੰਗਲ, ਸਿਕੰਦਰ ਰੜ, ਸੁਖਵੰਤ ਸਮਾਂਓ, ਸਿਕੰਦਰ ਝੱਬਰ, ਜਗਮੋਹਨ ਸਿੰਘ, ਅਮਨਦੀਪ ਸਿੰਘ,ਜਗਸੀਰ ਤਲਵੰਡੀ ਨੇ ਵੀ ਸ਼ਮੂਲੀਅਤ ਕੀਤੀ।

    LEAVE A REPLY

    Please enter your comment!
    Please enter your name here