ਸਿੱਖਿਆ ਮੰਤਰੀ ਵੱਲੋਂ ਡੀ.ਡੀ. ਪੰਜਾਬੀ ’ਤੇ 5 ਮਈ ਤੋਂ ਆਨਲਾਈਨ ਕਲਾਸਾਂ ਲਗਾਉਣ ਦੀ ਪ੍ਰਵਾਨਗੀ

    0
    142

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਕਰੋਨਾ ਮਹਾਂਮਾਰੀ ਦੇ ਨਤੀਜੇ ਵਜੋਂ ਸਕੂਲ ਬੰਦ ਹੋਣ ਕਾਰਨ ਵਿਦਿਆਰਥੀਆਂ ਦੀ ਪੜਾਈ ਦੇ ਨੁਕਸਾਨ ਨੂੰ ਰੋਕਣ ਵਾਸਤੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਡੀ.ਡੀ. ਪੰਜਾਬੀ ਰਾਹੀਂ ਆਨਲਾਈਨ ਜਮਾਤਾਂ ਲਗਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

    ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਹੇਠ ਡੀ.ਡੀ. ਪੰਜਾਬੀ ਰਾਹੀਂ ਮਿਤੀ 5 ਮਈ ਤੋਂ ਵੱਖ-ਵੱਖ ਜਮਾਤਾਂ ਦੀਆਂ ਆਨਲਾਈਨ ਕਲਾਸਾਂ ਸ਼ੂਰੂ ਹੋ ਰਹੀਆਂ ਹਨ। ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਨੇ ਦੱਸਿਆ ਕਿ ਕੋਵਿਡ-19 ਸੰਬੰਧੀ ਜਾਰੀ ਹਦਾਇਤਾਂ ਅਨੁਸਾਰ ਵਿਦਿਆਰਥੀ ਸਕੂਲਾਂ ਵਿੱਚ ਨਹੀਂ ਆ ਸਕਦੇ ਜਿਸ ਕਰਕੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇਣ ਦੇ ਪ੍ਰਬੰਧ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਟੀ.ਵੀ. ਕਲਾਸਾਂ ਦਾ ਸਮਾਂ ਸਵੇਰੇ 9 ਵਜੇ ਤੋਂ 10.40 ਤੱਕ ਰਹੇਗਾ ਅਤੇ ਛੇਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਟੀ.ਵੀ.ਕਲਾਸਾਂ ਦਾ ਸਮਾਂ ਸਵੇਰੇ 10.40 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਰਹੇਗਾ। ਇਹਨਾਂ ਡੀਡੀ ਪੰਜਾਬੀ ’ਤੇ ਲਗਾਈਆਂ ਜਾਣ ਵਾਲੀਆਂ ਜਮਾਤਾਂ ਦਾ ਰੋਜ਼ਾਨਾ ਸ਼ਡਿਊਲ ਵਿਦਿਆਰਥੀਆਂ ਕੋਲ ਇੱਕ ਦਿਨ ਪਹਿਲਾਂ ਹੀ ਸਕੂਲ ਦੇ ਮੁਖੀ ਅਤੇ ਸਬੰਧਿਤ ਅਧਿਆਪਕਾਂ ਰਾਹੀਂ ਪੁੱਜਦਾ ਕੀਤਾ ਜਾਵੇਗਾ।

    ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਨੇ ਇਹ ਵੀ ਕਿਹਾ ਕਿ ਪਿਛਲੇ ਸਾਲ ਜਦੋਂ ਕਰੋਨਾ ਮਹਾਂਮਾਰੀ ਆਈ ਸੀ ਤਾਂ ਵਿਭਾਗ ਕੋਲ ਜ਼ਿਆਦਾ ਤਿਆਰੀ ਨਹੀਂ ਸੀ ਪਰ ਫਿਰ ਵੀ ਬਹੁਤ ਸਾਰੇ ਅਧਿਆਪਕਾਂ ਨੇ ਆਨਲਾਈਨ ਕਲਾਸਾਂ ਲਗਾਈਆਂ ਸਨ। ਹੁਣ ਵਿਭਾਗ ਕੋਲ ਤਜਰਬਾ ਵੀ ਹੈ ਅਤੇ ਅਧਿਆਪਕਾਂ ਨੇ ਪਿਛਲੇ ਸਾਲ ਦੀ ਮਿਹਨਤ ਤੋਂ ਬਹੁਤ ਕੁੱਝ ਸਿੱਖਿਆ ਹੈ ਜਿਸ ਦਾ ਫਾਇਦਾ ਹੁਣ ਵਿਦਿਆਰਥੀਆਂ ਨੂੰ ਕਈ ਗੁਣਾ ਵੱਧ ਹੋਵੇਗਾ।ਇਸ ਸੰਬੰਧੀ ਜਗਤਾਰ ਸਿੰਘ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਨੇ ਦੱਸਿਆ ਕਿ ਪਿਛਲੇ ਸਾਲ ਵੀ ਡੀ ਡੀ ਪੰਜਾਬੀ ’ਤੇ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਬਾਰਵੀਂ ਜਮਾਤਾਂ ਦੇ 4189 ਲੈਕਚਰ ਪ੍ਰਸਾਰਿਤ ਕੀਤੇ ਗਏ ਸਨ। ਇਸ ਵਿੱਚ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਅੰਗਰੇਜ਼ੀ, ਹਿੰਦੀ, ਗਣਿਤ, ਪੰਜਾਬੀ ਸਾਇੰਸ, ਸਮਾਜਿਕ ਸਿੱਖਿਆ, ਵੈਲਕਮ ਲਾਈਫ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਸਟਰੀਮ ਵਾਇਜ਼ ਲੈਕਚਰ ਵੀ ਸ਼ਾਮਿਲ ਸਨ। ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਿੱਖਿਆ ਵਿਭਾਗ ਨੇ ਪੰਜਾਬ ਐਜੂਕੇਅਰ ਐਪ ਵੀ ਤਿਆਰ ਕੀਤੀ ਹੈ ਜਿਸ ਰਾਹੀਂ ਅਧਿਆਪਕਾਂ ਨੇ ਆਪਣੇ ਤਿਆਰ ਕੀਤੇ ਲੈਕਚਰ ਵੀ ਅਪਲੋਡ ਕੀਤੇ ਹੋਏ ਹਨ ਅਤੇ ਵਿਦਿਆਰਥੀ ਇਸ ਤੋਂ ਭਰਪੂਰ ਲਾਭ ਉਠਾ ਰਹੇ ਹਨ। ਉਹਨਾਂ ਨੇ ਕਿਹਾ ਕਿ ਡੀ.ਡੀ. ਪੰਜਾਬੀ ਰਾਹੀਂ ਆਨਲਾਈਨ ਕਲਾਸਾਂ ਦਾ ਸਰਕਾਰੀ ਸਕੂਲਾਂ ਦੇ ਨਾਲ-ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਐਫੀਲੀਏਟਿਡ ਅਤੇ ਐਸੋਸ਼ੀਏਟਡ ਸਕੂਲਾਂ ਦੇ ਵਿਦਿਆਰਥੀ ਵੀ ਲਾਭ ਉਠਾ ਸਕਣਗੇ।

    ਇਸ ਸੰਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹਨਾਂ ਕਲਾਸਾਂ ਨੂੰ ਲਗਾਉਣ ਲਈ ਵਿਦਿਆਰਥੀ ਡੀ.ਡੀ.ਪੰਜਾਬੀ ਨੂੰ ਫਰੀ ਡਿਸ਼ ਦੇ ਚੈਨਲ ਨੰਬਰ 22, ਏਅਰਟੈੱਲ ਡਿਸ ਦੇ ਚੈਨਲ ਨੰਬਰ 572, ਵੀਡੀਓਕੋਨ ਡੀ ਟੂ ਐੱਚ ਦੇ ਚੈਨਲ ਨੰਬਰ 791, ਟਾਟਾ ਸਕਾਈ ਦੇ ਚੈਨਲ ਨੰਬਰ 1949, ਫਾਸਟਵੇਅ ਦੇ ਚੈਨਲ ਨੰਬਰ 39, ਡਿਸ਼ ਟੀ.ਵੀ. ਦੇ, ਚੈਨਲ ਨੰਬਰ 1169, ਸਨ ਡਾਇਰੈਕਟ ਦੇ ਚੈਨਲ ਨੰਬਰ 670 ਅਤੇ ਰਿਲਾਇੰਸ ਬਿਗ ਟੀ.ਵੀ. ਦੇ ਚੈਨਲ ਨੰਬਰ 950 ਤੇ ਦੇਖ ਸਕਦੇ ਹਨ।

    LEAVE A REPLY

    Please enter your comment!
    Please enter your name here