ਸਰਕਾਰੀ ਮੁਲਾਜ਼ਮ ਐਤਵਾਰ 18 ਜੁਲਾਈ ਨੂੰ ਘੇਰਣਗੇ ਕੈਪਟਨ ਦੇ ਵਜ਼ੀਰਾਂ ਨੂੰ

    0
    146

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਦੀਆਂ ਸਮੂਹ ਮੁਲਾਜ਼ਮ ਜੱਥੇਬੰਦੀਆਂ ਅਤੇ ਪੈਨਸ਼ਨਰ ਜੱਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ 18 ਜੁਲਾਈ ਐਤਵਾਰ ਨੂੰ ਪੰਜਾਬ ਸਰਕਾਰ ਦੜ ਮੰਤਰੀਆਂ ਨੂੰ ਘੇਰਨ ਦਾ ਪ੍ਰੋਗਰਾਮ ਉਲੀਕਿਆ ਹੈ। ਇਸ ਲਈ ਬਕਾਇਦਾ ਜੱਥੇਬੰਦੀਆਂ ਵੱਲੋਂ ਵਿਉਂਤਬੰਦੀ ਕੀਤੀ ਗਈ ਹੈ ਅਤੇ ਮੰਤਰੀਆਂ ਦੀਆਂ ਕੋਠੀਆਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦੇਣਗੇ।

    ਮੁਲਾਜ਼ਮ ਜੱਥੇਬੰਦੀਆਂ ਵੱਲੋਂ ਉਲੀਕੇ ਗਏ ਪ੍ਰੋਗਰਾਮ ਦੇ ਤਹਿਤ ਸੰਗਰੂਰ ਮਲੇਰਕੋਟਲਾ ਅਤੇ ਬਰਨਾਲੇ ਦੇ ਸਮੂਹ ਮੁਲਾਜ਼ਮ ਵਿਜੈਇੰਦਰ ਸਿੰਗਲਾ ਸਿੱਖਿਆ ਮੰਤਰੀ ਦੇ ਘਰ ਦਾ ਘਿਰਾਓ ਕਰਨਗੇ ਤੇ’ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨਗੇ ਅਤੇ ਆਪਣੀਆਂ ਮੰਗਾਂ ਦਾ ਮੰਗ ਪੱਤਰ ਵੀ ਮੰਤਰੀ ਨੂੰ ਸੌਂਪਣਗੇ, ਜਲੰਧਰ ਫਗਵਾੜਾ ਅਤੇ ਲੁਧਿਆਣੇ ਦੇ ਮੁਲਾਜ਼ਮ ਭਾਰਤ ਭੂਸ਼ਣ ਆਸ਼ੂ ਦੇ ਘਰ ਦਾ ਘਿਰਾਓ ਕਰਨਗੇ।ਰੂਪਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਮੁਲਾਜ਼ਮ ਰਾਣਾ ਕੇਪੀ ਦਾ ਘਰ ਘੇਰ ਕੇ ਪ੍ਰਦਰਸ਼ਨ ਕਰਨਗੇ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਦੀਆਂ ਜੱਥੇਬੰਦੀਆਂ ਸਿਹਤ ਮੰਤਰੀ ਬਲਵੀਰ ਸਿੱਧੂ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ ਅਤੇ ਮੰਗ ਪੱਤਰ ਦੇਣਗੇ। ਉੱਥੇ ਹੀ ਅੰਮ੍ਰਿਤਸਰ ਤਰਨਤਾਰਨ ਅਤੇ ਕਪੂਰਥਲੇ ਦੇ ਮੁਲਾਜ਼ਮ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਦੇ ਘਰ ਦਾ ਘਿਰਾਓ ਕਰਨਗੇ। ਬਠਿੰਡਾ ਅਤੇ ਮਾਨਸਾ ਵਾਲੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕਰਨਗੇ ਅਤੇ ਆਪਣਾ ਮੰਗ ਪੱਤਰ ਸੌਂਪਣਗੇ। ਉਥੇ ਹੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਘਰ ਦੇ ਬਾਹਰ ਗੁਰਦਾਸਪੁਰ ਅਤੇ ਪਠਾਨਕੋਟ ਦੇ ਮੁਲਾਜ਼ਮ ਰੋਸ ਪ੍ਰਦਰਸ਼ਨ ਕਰਕੇ ਆਪਣਾ ਮੰਗ ਪੱਤਰ ਦੇਣਗੇ ਅਤੇ ਫ਼ਿਰੋਜ਼ਪੁਰ ਫ਼ਰੀਦਕੋਟ ਅਤੇ ਮੋਗੇ ਦੇ ਮੁਲਾਜ਼ਮ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਸੌਂਪਣਗੇ।

    ਇਸੇ ਲੜੀ ਦੇ ਤਹਿਤ ਹੀ ਹੁਸ਼ਿਆਰਪੁਰ ਦੇ ਮੁਲਾਜ਼ਮ ਸੁੰਦਰ ਸ਼ਾਮ ਅਰੋੜਾ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ, ਫ਼ਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਮੁਲਾਜ਼ਮ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਕੇ ਆਪਣੀਆਂ ਮੰਗਾਂ ਦੇ ਸਬੰਧੀ ਮੰਗ ਪੱਤਰ ਸੌਂਪਣਗੇ। ਉੱਥੇ ਹੀ ਨਾਭਾ ਅਤੇ ਅਮਲੋਹ ਦੇ ਸਰਕਾਰੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਾਧੂ ਸਿੰਘ ਧਰਮਸੋਤ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਸੌਂਪਣਗੇ।

    ਕੱਲ੍ਹ ਐਤਵਾਰ ਦਾ ਦਿਨ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਜੱਥੇਬੰਦੀਆਂ ਦਾ ਕੈਪਟਨ ਸਰਕਾਰ ਦੇ ਮੰਤਰੀਆਂ ਦੇ ਘਰ ਦੇ ਬਾਹਰ ਹੱਲਾ ਬੋਲ ਪ੍ਰਦਰਸ਼ਨ ਦੇ ਨਾਮ ਤੇ ਰਹੇਗਾ। ਮੁਲਾਜ਼ਮ ਜੱਥੇਬੰਦੀਆਂ ਦੇ ਆਗੂ ਮਨੋਹਰ ਲਾਲ ਨੇ ਕਿਹਾ ਕਿ ਜਿੰਨਾ ਚਿਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੱਦ ਤੱਕ ਸੰਘਰਸ਼ ਚੱਲਦਾ ਰਹੇਗਾ ਅਤੇ ਅੱਗੇ ਅੱਗੇ ਇਹ ਪ੍ਰਦਰਸ਼ਨ ਹੋਰ ਵੀ ਤਿੱਖਾ ਹੋਵੇਗਾ। ਮੁਲਾਜ਼ਮ ਜੱਥੇਬੰਦੀਆਂ ਅਤੇ ਪੈਨਸ਼ਨਰ ਐਸੋਸੀਏਸ਼ਨ ਦਾ ਮਜ਼ਬੂਤ ਏਕਾ ਸਰਕਾਰ ਨੂੰ ਮੰਗਾਂ ਮੰਨਣ ਲਈ ਮਜ਼ਬੂਰ ਕਰ ਦੇਵੇਗਾ ਅਤੇ ਕੱਲ੍ਹ ਐਤਵਾਰ ਨੂੰ ਪੰਜਾਬ ਭਰ ਵਿਚ ਮੰਤਰੀਆਂ ਦੇ ਘਰ ਦੇ ਬਾਹਰ ਤਿੱਖਾ ਰੋਸ ਪ੍ਰਦਰਸ਼ਨ ਕਰ ਕੇ ਕੁੰਭਕਰਨੀ ਨੀਂਦ ਸੁੱਤੀ ਪੰਜਾਬ ਸਰਕਾਰ ਨੂੰ ਜਗਾਉਣ ਦਾ ਕੰਮ ਕਰੇਗਾ।

    LEAVE A REPLY

    Please enter your comment!
    Please enter your name here