ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਗਠਜੋੜ ਤੋਂ ਬਾਅਦ ਪ੍ਰੋ. ਚੰਦੂਮਾਜਰਾ ਨੇ ਬਸਪਾ ਆਗੂਆਂ ਨੂੰ ਕੀਤਾ ਸਨਮਾਨਿਤ

    0
    158

    ਪਟਿਆਲਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਹੋਣ ਤੋਂ ਬਾਅਦ ਬਸਪਾ ਆਗੂਆਂ ਨੂੰ ਸਨਮਾਨਿਤ ਕੀਤਾ ਹੈ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਨਵਾਂ ਇਤਿਹਾਸ ਰਚੇਗਾ।

    ਉਨ੍ਹਾਂ ਨੇ ਮੀਡੀਆ ਦੇ ਇੱਕ ਹਿੱਸੇ ਵਿਚ ਪਾਰਟੀ ਨਾਲ ਮਨ ਮੁਟਾਵ ਦੀ ਗੱਲ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਅਸੀਂ ਧਰਨੇ ਵਿਚ ਸ਼ਾਮਲ ਨਾ ਹੋਣ ਬਾਰੇ ਆਪਣੇ ਰੁਝੇਵਿਆਂ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਪਾਰਟੀ ਦਾ ਵਫ਼ਾਦਰ ਸਿਪਾਹੀ ਹਾਂ। ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਅਤੇ ਭਲੇ ਲਈ ਜਿੱਥੋਂ ਵੀ ਪਾਰਟੀ ਨੇ ਚੋਣ ਲੜਨ ਲਈ ਹੁਕਮ ਕੀਤਾ, ਮੈਂ ਖਿੜ੍ਹੇ ਮੱਥੇ ਪ੍ਰਵਾਨ ਕਰਕੇ ਪਾਰਟੀ ਦੇ ਹੁਕਮਾਂ ਦੀ ਹਮੇਸ਼ਾ ਹੀ ਪਾਲਣਾ ਕੀਤੀ ਹੈ।

    ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਉਨਾਂ ਦੇ ਸਨਮਾਨ ਦਾ ਧਿਆਨ ਰੱਖਦਿਆ ਬਹੁਤ ਬਾਰੇ ਮੈਨੂੰ ਮਨਮਰਜ਼ੀ ਦੀਆਂ ਸੀਟਾਂ ਤੋਂ ਵੀ ਟਿਕਟ ਦੇ ਕੇ ਵੱਡੀ ਇਜ਼ਤ ਅਤੇ ਮਾਣ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪਾਰਟੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਨੇ ਚੋਣ ਮੈਦਾਨ ਵਿੱਚ ਕੈਪਟਨ ਅਮਰਿੰਦਰ ਸਿੰਘ, ਅੰਬਿਕਾ ਸੋਨੀ, ਲਾਲ ਸਿੰਘ ਅਤੇ ਸੰਤ ਰਾਮ ਸਿੰਗਲਾ ਵਰਗੇ ਦਿੱਗਜ਼ ਨੇਤਾਵਾਂ ਨੂੰ ਹਰਾ ਕੇ ਪਾਰਟੀ ਦੀ ਝੋਲੀ ਜਿੱਤ ਪਾਈ ਹੈ।

    ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਲਈ ਵੱਡੇ ਕੱਦ ਦੇ ਲੀਡਰਾਂ ਨੂੰ ਚੋਣ ਅਖਾੜੇ ਵਿੱਚ ਉਤਾਰਿਆ ਜਾਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ‘ਤੇ ਮੈਂ ਵੀ ਪਾਰਟੀ ਦੀ ਜਿੱਤ ਲਈ ਪਾਰਟੀ ਪ੍ਰਧਾਨ ਨਾਲ ਗੱਲਬਾਤ ਰਾਹੀ ਵੋਟਰਾਂ ਦੀਆਂ ਇੱਛਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਲਕਾ ਚੁਣਨ ਦਾ ਮਨ ਬਣਾ ਰਿਹਾ ਹਾਂ।

    ਉਨ੍ਹਾਂ ਨੇ ਕਿਹਾ ਕਿ ਬਸਪਾ ਦੇ ਮਰਹੂਮ ਆਗੂ ਸ੍ਰੀ ਬਾਬੂ ਕਾਂਸੀ ਰਾਮ ਨਾਲ ਉਨ੍ਹਾਂ ਦੀ ਲੋਕ ਸਭਾ ਵਿੱਚ ਇਕੱਠਿਆਂ ਕਿਸਾਨਾਂ, ਮਜ਼ਦੂਰਾਂ ਅਤੇ ਮਿਹਨਕਸ਼ ਲੋਕਾਂ ਦੇ ਉਠਾਏ ਮਸਲਿਆ ਕਾਰਨ ਬਹੁਤ ਨੇੜੇ ਦੀ ਸਾਂਝ ਰਹੀ ਹੈ। ਜਿਸ ਕਰਕੇ ਬਹੁਜਨ ਸਮਾਜ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਹੋਇਆ ਸਮਝੌਤਾ ਸ੍ਰੀ ਬਾਬੂ ਕਾਂਸੀ ਰਾਮ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਵਿੱਚ ਵੀ ਸਹਾਈ ਹੋਵੇਗਾ। ਇਸ ਤੋਂ ਪਹਿਲਾਂ 1996 ਵਿਚ ਵੀ ਬਸਪਾ ਅਤੇ ਅਕਾਲੀ ਦਲ ਨੇ ਗੱਠਜੋੜ ਤਹਿਤ ਲੋਕ ਸਭਾ ਦੀਆਂ ਚੋਣਾਂ ਲੜੀਆਂ ਸਨ ,ਜਿਸ ਦੌਰਾਨ 13 ਵਿਚੋਂ 11 ਸੀਟਾਂ ਉਪਰ ਜਿੱਤ ਹਾਸਲ ਕੀਤੀ ਸੀ।

     

    LEAVE A REPLY

    Please enter your comment!
    Please enter your name here