ਵਿਆਹੀ ਲੜਕੀ ਦੀ ਹੋਈ ਮੌਤ, ਸਹੁਰਾ ਪਰਿਵਾਰ ’ਤੇ ਸਲਫਾਸ ਦੇ ਕੇ ਮਾਰਨ ਦੇ ਲਗਾਏ ਦੋਸ਼

    0
    153

    ਮੁਕਤਸਰ ਸਾਹਿਬ, ਜਨਗਾਥਾ ਟਾਇਮਜ਼: (ਰਵਿੰਦਰ)

    ਮੁਕਤਸਰ ਦੇ ਨੇੜਲੇ ਪਿੰਡ ਖਿੜਕੀਆਂ ਵਾਲਾ ਵਿੱਚ ਕਰੀਬ ਤਿੰਨ ਮਹੀਨੇ ਪਹਿਲਾਂ ਵਿਆਹੀ ਲੜਕੀ ਦੀ ਸਹੁਰੇ ਘਰ ਹੋਈ ਮੌਤ ਤੋਂ ਬਾਅਦ ਲੜਕੀ ਦੇ ਪਰਿਵਾਰ ਵੱਲੋਂ ਸਹੁਰਾ ਪਰਿਵਾਰ ’ਤੇ ਲੜਕੀ ਨੂੰ ਸਲਫਾਸ ਦੇ ਕੇ ਮਾਰਨ ਦੇ ਦੋਸ਼ ਲਗਾਏ ਗਏ ਹਨ। ਇਹਨਾਂ ਦੋਸ਼ਾਂ ਤਹਿਤ ਨਾਮਜ਼ਦ ਮੈਂਬਰਾਂ ਦੀ ਗ੍ਰਿਫ਼ਤਾਰੀ ਨਾ ਹੋਣ ਅਤੇ ਲੜਕੀ ਦੇ ਪੋਸਟਮਾਰਟ ’ਚ ਦੇਰੀ ਨੂੰ ਲੈ ਕੇ ਲੜਕੀ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਗਿੱਦੜਬਾਹਾ ਦੇ ਕਚਿਹਰੀ ਚੌਂਕ ’ਚ ਧਰਨਾ ਲਗਾਇਆ।

    ਇਸ ਤੋਂ ਪਹਿਲਾਂ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਲੜਕੀ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ, ਪੰਜਾਬ ਸਰਕਾਰ ਤੇ ਸਿਸਟਮ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਮ੍ਰਿਤਕ ਗਗਨਦੀਪ ਕੌਰ ਪੁੱਤਰੀ ਬਲਜੀਤ ਸਿੰਘ ਵਾਸੀ ਵਿਰਕ ਖੁਰਦ ਜ਼ਿਲ੍ਹਾ ਬਠਿੰਡਾ ਦੇ ਤਾਇਆ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੀ ਲੜਕੀ ਗਗਨਦੀਪ ਕੌਰ ਦਾ ਵਿਆਹ ਕਰੀਬ 3 ਮਹੀਨੇ ਪਹਿਲਾਂ ਗੁਰਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਖਿੜਕੀਆਂ ਵਾਲਾ ਤਹਿਸੀਲ ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਕੀਤਾ ਸੀ ਅਤੇ ਵਿਆਹ ਸਮੇਂ ਉਨ੍ਹਾਂ ਆਪਣੀ ਹੈਸੀਅਤ ਮੁਤਾਬਕ ਦਾਜ ਵੀ ਦਿੱਤਾ ਸੀ ਅਤੇ ਵਿਆਹ ਤੋਂ 10-15 ਦਿਨ ਤਾਂ ਸਭ ਕੁੱਝ ਠੀਕ ਰਿਹਾ। ਉਸ ਤੋਂ ਬਾਅਦ ਲੜਕੀ ਦੇ ਸਹੁਰਾ ਪਰਿਵਾਰ ਤੇ ਪਤੀ ਨੇ ਉਸ ਨੂੰ ਹੋਰ ਦਾਜ ਤੇ ਪੈਸੇ ਲਿਆਉਣ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ।

    ਉਨ੍ਹਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਲੜਕੀ ਦੇ ਸਹੁਰਾ ਪਰਿਵਾਰ ਵੱਲੋਂ ਗਗਨਦੀਪ ਦੀ ਕੁੱਟਮਾਰ ਕਰਨ ਉਪਰੰਤ ਉਸ ਨੂੰ ਸਾਡੇ ਕੋਲ ਛੱਡ ਗਏ। ਉਸ ਤੋਂ ਬਾਅਦ ਪੰਚਾਇਤੀ ਰਾਜੀਨਾਮਾ ਹੋਣ ਤੇ ਅਸੀਂ ਉਸ ਨੂੰ ਸਹੁਰੇ ਘਰ ਪਿੰਡ ਖਿੜਕੀਆਂ ਵਾਲਾ ਛੱਡ ਆਏ, ਉਸ ਤੋਂ ਕਰੀਬ 10 ਦਿਨ ਬਾਅਦ ਫਿਰ ਤੋਂ ਉਸ ਦੇ ਸਹੁਰਾ ਪਰਿਵਾਰ ਨੇ ਕੁੱਟਮਾਰ ਕੀਤੀ ਅਤੇ ਸਾਡੇ ਕੋਲ ਵਿਰਕ ਖੁਰਦ ਛੱਡ ਗਏ, ਪਿਛਲੇ ਕਰੀਬ 20 ਦਿਨ ਤੋਂ ਲੜਕੀ ਆਪਣੇ ਪੇਕੇ ਪਰਿਵਾਰ ਕੋਲ ਰਹਿ ਰਹੀ ਸੀ ਅਤੇ ਦੋ ਦਿਨ ਪਹਿਲਾਂ ਗਗਨਦੀਪ ਦੀ ਸੱਸ, ਪਤੀ ਤੇ ਨਨਾਣ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਆਏ ਅਤੇ ਲੜਕੀ ਗਗਨਦੀਪ ਨੂੰ ਆਪਣੇ ਨਾਲ ਲੈ ਗਏ, ਉਸ ਤੋਂ ਬਾਅਦ ਸਵੇਰੇ ਫ਼ੋਨ ਆਇਆ ਕਿ ਲੜਕੀ ਦੀ ਮੌਤ ਹੋ ਗਈ ਹੈ।

    ਲੜਕੀ ਦੇ ਰਿਸ਼ਤੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਲੜਕੀ ਦਾ ਮੈਸੇਜ ਆਇਆ ਕਿ ਸਹੁਰਾ ਪਰਿਵਾਰ ਮੈਨੂੰ ਮਾਰਨਾ ਚਾਹੁੰਦਾ ਹੈ ਉਸ ਤੋਂ ਬਾਅਦ ਸਾਨੂੰ ਉਸ ਦੀ ਮੌਤ ਦੀ ਖ਼ਬਰ ਮਿਲੀ। ਸਤਨਾਮ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਤੀ ਗੁਰਪ੍ਰੀਤ ਸਿੰਘ ਦਾ ਫ਼ੋਨ ਆਇਆ ਕਿ ਗਗਨਦੀਪ ਨੇ ਸਲਫਾਸ ਖਾ ਲਈ ਹੈ ਅਤੇ ਜਦ ਅਸੀਂ ਉਸਨੂੰ ਗਗਨਦੀਪ ਨੂੰ ਹਸਪਤਾਲ ਲਿਜਾਣ ਲਈ ਕਿਹਾ ਅਤੇ ਜਦ ਅਸੀਂ ਮੁਕਤਸਰ ਦੇ ਇਕ ਨਿੱਜੀ ਹਸਪਤਾਲ ਪੁੱਜੇ ਤਾਂ ਲੜਕੀ ਦੀ ਲਾਸ਼ ਐਂਬੂਲੈਂਸ ’ਚ ਪਈ ਸੀ ਅਤੇ ਉਸ ਕੋਲ ਕੋਈ ਵੀ ਨਹੀਂ ਸੀ। ਉਨ੍ਹਾਂ ਨੇ ਮੰਗ ਕੀਤੀ ਕਿ ਲੜਕੀ ਦੇ ਸਹੁਰਾ ਪਰਿਵਾਰ ਜਿਨ੍ਹਾਂ ‘ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਜਦ ਤਕ ਮਾਮਲੇ ’ਚ ਨਾਮਜ਼ਦ ਲੋਕਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਹ ਲੜਕੀ ਦਾ ਸਸਕਾਰ ਨਹੀਂ ਕਰਨਗੇ।

    ਇਸ ਸੰਬੰਧੀ ਥਾਣਾ ਕੋਟਭਾਈ ਦੇ ਐਸਐਚਓ ਨਵਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲੜਕੀ ਦੇ ਤਾਇਆ ਪਰਮਜੀਤ ਸਿੰਘ ਦੇ ਬਿਆਨਾਂ ’ਤੇ ਲੜਕੀ ਦੇ ਪਤੀ, ਸੱਸ, ਦੋ ਨਨਾਣਾਂ ਜੋ ਕੁਆਰੀਆਂ ਹਨ ਤੇ ਇਕ ਨਨਾਣ ਜੋ ਭਲਾਈਆਣਾ ਵਿਆਹੀ ਹੋਈ ਹੈ ’ਤੇ ਮਾਮਲਾ ਦਰਜ ਕਰ ਕੇ ਲੜਕੀ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ। ਧਰਨੇ ਵਾਲੀ ਜਗ੍ਹਾ ’ਤੇ ਪਹੁੰਚੇ ਡੀਐਸਪੀ ਗਿੱਦੜਬਾਹਾ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈਂ ਅਮਲ ’ਚ ਲਿਆਂਦੀ ਜਾਵੇਗੀ। ਡੀਐਸਪੀ ਗਿੱਦੜਬਾਹਾ ਦੇ ਭਰੋਸਾ ਦੇਣ ਤੇ ਲੜਕੀ ਵਾਲਿਆਂ ਨੇ ਧਰਨਾ ਚੁੱਕ ਲਿਆ। ਜਦ ਇਸ ਸੰਬੰਧੀ ਡਿਊਟੀ ਡਾ. ਮੰਯਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਲੜਕੀ ਦਾ ਪੋਸਟਮਾਰਟਮ ਕਰਕੇ ਲੜਕੀ ਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here