ਰਾਕੇਸ਼ ਟਿਕੈਤ ਨੂੰ ਵਟ੍ਸਐਪ ’ਤੇ ਮਿਲੀਆਂ ਜਾਨ ਤੋਂ ਮਾਰਨ ਦੀਆਂ ਧਮਕੀਆਂ

    0
    130

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਦਿੱਲੀ-ਐੱਨਸੀਆਰ ਦੇ ਯੂਪੀ ਬਾਰਡਰ ’ਤੇ ਪਿਛਲੇ 6 ਮਹੀਨੇ ਤੋਂ ਚੱਲ ਰਹੇ ਖੇਤੀ ਕਾਨੂੰਨਾਂ ਦੇ ਵਿਰੋਧ ਅੰਦੋਲਨ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੂੰ ਮੋਬਾਈਲ ਫ਼ੋਨ ’ਤੇ ਫਿਰ ਤੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਭਾਰਤੀ ਕਿਸਾਨ ਯੂਨੀਅਨ ਸੰਗਠਨ ਦੇ ਵਰਕਰ ਪ੍ਰਜਵਲ ਤਿਆਗੀ ਉਰਫ ਮਨੂੰ ਤਿਆਗੀ ਨੇ ਕੌਸ਼ਾਂਬੀ ਥਾਣੇ ’ਚ ਸ਼ਿਕਾਇਤ ਦਿੱਤੀ ਹੈ।

    ਮਿਲੀ ਜਾਣਕਾਰੀ ਮੁਤਾਬਕ, ਯੂਪੀ ਗੇਟ ’ਤੇ ਚੱਲ ਰਹੇ ਖੇਤੀ ਕਾਨੂੰਨਾਂ ਦੇ ਵਿਰੋਧੀ ਅੰਦੋਲਨ ਦੀ ਅਗਵਾਈ ਕਰਨ ਵਾਲੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੂੰ ਵਟ੍ਸਐਪ ‘ਤੇ ਗਾਲਾਂ ਕੱਢੀਆਂ ਗਈਆਂ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਸੰਗਠਨ ਦੇ ਵਰਕਰ ਪ੍ਰਜਵਲ ਤਿਆਗੀ ਉਰਫ ਮਨੂੰ ਤਿਆਗੀ ਨੇ ਕੌਸ਼ਾਂਬੀ ਥਾਣੇ ’ਚ ਰਿਪੋਰਟ ਦਰਜ ਕਰਵਾਈ ਹੈ। ਪੁਲਿਸ ਤੇ ਸਾਈਬਰ ਸੇਲ ਮਾਮਲੇ ਦੀ ਜਾਂਚ ਕਰ ਰਹੀ ਹੈ।

    ਪ੍ਰਜਵਲ ਤਿਆਗੀ ਨੇ ਦੱਸਿਆ ਕਿ ਚਾਰ ਅਪ੍ਰੈਲ ਤੋਂ 26 ਮਈ ਤਕ ਇਕ ਮੋਬਾਈਲ ਨੰਬਰ ਤੋਂ ਰਾਕੇਸ਼ ਟਿਕੈਤ ਨੂੰ ਵਟ੍ਸਐਪ ’ਤੇ ਸੰਦੇਸ਼ ਆਏ ਹਨ। ਉਸ ’ਚ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਨ੍ਹਾਂ ਨੇ ਕਿਹਾ ਵੀਰਵਾਰ ਦੀ ਰਾਤ ਕਰੀਬ 11 ਵਜੇ ਕੌਸ਼ਾਂਬੀ ਥਾਣੇ ’ਚ ਇਸ ਦੀ ਸ਼ਿਕਾਇਤ ਦਿੱਤੀ। ਚੈਟ ਦਾ ਪ੍ਰਿੰਟ ਆਉਟ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲੇ ’ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕਦਮਾ ਦਰਜ ਕੀਤਾ। ਪੁਲਿਸ ਇੰਚਾਰਜ ਗਿਆਨੇਂਦਰ ਸਿੰਘ ਨੇ ਦੱਸਿਆ ਕਿ ਰਿਪੋਰਟ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਈਬਰ ਸੇਲ ਦੀ ਟੀਮ ਵੀ ਲਗਾਈ ਗਈ ਹੈ।

    ਯੂਪੀ ਗੇਟ ’ਤੇ 28 ਨਵੰਬਰ ਤੋਂ ਧਰਨਾ ਸ਼ੁਰੂ ਹੋਇਆ ਹੈ। ਰਾਕੇਸ਼ ਟਿਕੈਤ ਨੂੰ ਸਭ ਤੋਂ ਪਹਿਲਾਂ ਦਸੰਬਰ ’ਚ ਫੋਨ ’ਤੇ ਧਮਕੀ ਮਿਲੀ ਸੀ। ਪੁਲਿਸ ਨੇ ਦੋਸ਼ੀ ਮਾਨਵ ਮਿਸ਼ਰਾ ਨੂੰ ਬਿਹਾਰ ਦੇ ਭਾਗਲਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਦੂਜੀ ਵਾਰ ਉਨ੍ਹਾਂ ਨੂੰ ਅਪ੍ਰੈਲ ’ਚ ਫਿਰੋਜਾਬਾਦ ਦੇ ਇਕ ਵਿਅਕਤੀ ਨੇ ਧਮਕੀ ਦਿੱਤੀ। ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਤੀਜੀ ਵਾਰ ਬੀਤੇ ਹਫ਼ਤੇ ਉਨ੍ਹਾਂ ਨੂੰ ਧਮਕੀ ਮਿਲੀ। ਪੁਲਿਸ ਉਸ ਦੀ ਜਾਂਚ ਕਰ ਰਹੀ ਹੈ। ਹੁਣ ਫਿਰ ਤੋਂ ਧਮਕੀ ਮਿਲੀ ਹੈ। ਕੁੱਲ ਮਿਲਾ ਕੇ ਚੌਥੀ ਵਾਰ ਧਮਕੀ ਮਿਲ ਚੁੱਕੀ ਹੈ। ਇਨ੍ਹਾਂ ’ਚੋਂ ਦੋ ਵਾਰ ਵਟ੍ਸਐਪ ਮੈਸੇਜ ਭੇਜ ਕੇ ਧਮਕੀ ਦਿੱਤੀ ਗਈ ਹੈ।

    LEAVE A REPLY

    Please enter your comment!
    Please enter your name here