ਯੂਪੀ, ਪੰਜਾਬ, ਰਾਜਸਥਾਨ ਸਮੇਤ ਕਈ ਸੂਬਿਆਂ ‘ਚ ਅੱਜ ਵੀ ਬਾਰਿਸ਼ ਦੇ ਆਸਾਰ

    0
    132

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਚੱਕਰਵਾਤੀ ਤੂਫ਼ਾਨ ਤਾਓਤੇ ਦੇ ਅਸਰ ਤੇ ਪੱਛਮੀ ਗੜਬੜੀ ਕਾਰਨ ਦਿੱਲੀ ਐੱਨਸੀਆਰ ਸਮੇਤ ਉੱਤਰੀ ਭਾਰਤ ਦੇ ਸੂਬਿਆਂ ‘ਚ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਤਾਓਤੇ ਤੂਫ਼ਾਨ ਨੇ ਦੇਸ਼ ਦੇ ਤੱਟੀ ਇਲਾਕਿਆਂ ‘ਚ ਤਾਂ ਕਹਿਰ ਢਾਹਿਆ ਹੀ, ਬੁੱਧਵਾਰ ਨੂੰ ਦਿੱਲੀ ‘ਚ ਵੀ ਇਸ ਨੇ 70 ਸਾਲ ਦਾ ਰਿਕਾਰਡ ਤੋੜ ਦਿੱਤਾ। ਮਈ ਦਾ ਵੱਧ ਤੋਂ ਵੱਧ ਤਾਪਮਾਨ ਜਿੱਥੇ 70 ਸਾਲ ‘ਚ ਸਭ ਤੋਂ ਘੱਟ ਦਰਜ ਕੀਤਾ ਗਿਆ, ਉੱਥੇ ਹੀ ਬਾਰਿਸ਼ ਨੇ ਛੇ ਸਾਲ ਦਾ ਰਿਕਾਰਡ ਤੋੜਿਆ। ਮੌਸਮ ਵਿਭਾਗ ਮੁਤਾਬਿਕ ਅੱਜ ਵੀ ਦਿੱਲੀ, ਜੰਮੂ-ਕਸ਼ਮੀਰ, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ‘ਚ ਵੀ ਬਾਰਿਸ਼ ਤੇ ਗੜੇ ਪੈਣ ਦੇ ਆਸਾਰ ਹਨ। ਨਾਲ ਹੀ ਮੌਸਮ ਵਿਭਾਗ ਨੇ ਚਿਤਵਾਨੀ ਜਾਰੀ ਕਰ ਕੇ ਦੱਸਿਆ ਹੈ ਕਿ ਅਗਲੇ ਸੋਮਵਾਰ ਤਕ ਅਜਿਹਾ ਹੀ ਮੌਸਮ ਰਹਿਣ ਦੇ ਆਸਾਰ ਹਨ।

    ਤਾਓਤੇ ਕਾਰਨ ਦਿੱਲੀ ‘ਚ ਟੁੱਟਿਆ 70 ਸਾਲ ਦਾ ਰਿਕਾਰਡ –

    ਦਿੱਲੀ ‘ਚ ਬੁੱਧਵਾਰ ਨੂੰ ਮਈ ਦਾ ਵੱਧ ਤੋਂ ਵੱਧ ਤਾਪਮਾਨ 70 ਸਾਲ ‘ਚ ਸਭ ਤੋਂ ਘੱਟ ਦਰਜ ਕੀਤਾ ਗਿਆ। ਬਾਰਿਸ਼ ਨੇ ਵੀ ਛੇ ਸਾਲ ਦਾ ਰਿਕਾਰਡ ਤੋੜਿਆ। ਦੇਸ਼ ਦੀ ਰਾਜਧਾਨੀ ‘ਚ 24 ਘੰਟੇ ਤੋਂ ਵੀ ਜ਼ਿਆਦਾ ਸਮੇਂ ਤਕ ਬਾਰਿਸ਼ ਲਗਾਤਾਰ ਜਾਰੀ ਰਹੀ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ‘ਚ ਵੀ ਦਿਨਭਰ ਬੱਦਲ ਛਾਏ ਰਹਿਣ ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਹੈ। ਰਾਜਧਾਨੀ ਦਿੱਲੀ ‘ਚ ਬਾਰਿਸ਼ ਦਾ ਦੌਰ ਮੰਗਲਵਾਰ ਦੇਰ ਰਾਤ ਹੀ ਸ਼ੁਰੂ ਹੋ ਗਿਆ ਸੀ। ਬੁੱਧਵਾਰ ਨੂੰ ਦਿਨਭਰ ਕਦੇ ਤੇਜ਼ ਤਾਂ ਕਦੇ ਹਲਕੀ ਬਾਰਿਸ਼ ਦਾ ਸਿਲਸਿਲਾ ਦਿਨਭਰ ਚੱਲਦਾ ਰਿਹਾ। ਬੁੱਧਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 16 ਡਿਗਰੀ ਘੱਟ 23.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 1951 ਤੋਂ ਬਾਅਦ ਮਈ ਮਹੀਨੇ ਦਾ ਇਹ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਹੈ। ਇਸ ਤੋਂ ਪਹਿਲਾਂ 13 ਮਈ, 1984 ਨੂੰ ਵੱਧ ਤੋਂ ਵੱਧ ਤਾਪਮਾਨ 24.8 ਡਿਗਰੀ ਦਰਜ ਹੋਇਆ ਸੀ। ਘੱਟੋ-ਘੱਟ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਘੱਟ 21.4 ਡਿਗਰੀ ਸੈਲਸੀਅਸ ਦਰਜ ਹੋਇਆ।ਤਾਓਤੇ ਕਾਰਨ ਪੰਜਾਬ ‘ਚ ਅੱਜ ਤੇ ਕੱਲ੍ਹ ਚੱਲ ਸਕਦੀਆਂ ਹਨ ਧੂੜ ਭਰੀਆਂ ਤੇਜ਼ ਹਵਾਵਾਂ-

    ਚੱਕਰਵਾਤੀ ਤੂਫ਼ਾਨ ਤਾਓਤੇ ਦਾ ਅਸਰ ਪੰਜਾਬ ‘ਤੇ ਵੀ ਪਿਆ ਹੈ। ਬੁੱਧਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਚੱਲਣ, ਬੱਦਲਵਾਈ ਰਹਿਣ ਤੇ ਬੂੰਦਾਂਬਾਦੀ ਕਾਰਨ ਦਿਨ ਦਾ ਤਾਪਮਾਨ ਆਮ ਨਾਲੋਂ 10 ਤੋਂ 12 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਇਸ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਮੌਸਮ ਵਿਭਾਗ ਅਨੁਸਾਰ ਵੀਰਵਾਰ ਤੇ ਸ਼ੁੱਕਰਵਾਰ ਤਕ ਤਾਓਤੇ ਦੇ ਅਸਰ ਕਾਰਨ ਪੰਜਾਬ ‘ਚ ਤੂਫ਼ਾਨ ਵਰਗੇ ਸਥਿਤੀ ਪੈਦਾ ਹੋ ਸਕਦੀ ਹੈ ਤੇ ਧੂੜ ਭਰੀਆਂ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਦੂਸਰੇ ਪਾਸੇ ਤਾਓਤੇ ਨੇ ਗੁਜਰਾਤ ਤੇ ਰਾਜਸਥਾਨ ਤੋਂ ਹੁੰਦੇ ਹੋਏ ਹਰਿਆਣਾ ਤੇ ਪੰਜਾਬ ਵੱਲ ਮੂਵ ਕੀਤਾ ਹੈ। ਉਸ ਦੇ ਅਸਰ ਦੀ ਵਜ੍ਹਾ ਨਾਲ ਦੱਖਣ ਵੱਲੋਂ ਤੇਜ਼ ਹਵਾਵਾਂ ਆ ਰਹੀਆਂ ਹਨ ਜਿਨ੍ਹਾਂ ਵਿਚ ਨਮੀ ਜ਼ਿਆਦਾ ਹੁੰਦੀ ਹੈ। ਬੁੱਧਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬੱਦਲਵਾਈ ਰਹੀ ਤੇ ਬੂੰਦਾਬਾਂਦੀ ਹੋਈ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਅੰਮ੍ਰਿਤਸਰ ‘ਚ ਵੱਧ ਤੋਂ ਵ4ਧ ਤਾਪਮਾਨ 33 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਆਮ ਨਾਲੋਂ ਸੱਤ ਡਿਗਰੀ ਸੈਲਸੀਅਸ ਘੱਟ ਸੀ। ਲੁਧਿਆਣਾ ‘ਚ ਵੱਧ ਤੋਂ ਵੱਧ ਤਾਪਮਾਨ 28.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਆਮ ਨਾਲੋਂ 11 ਡਿਗਰੀ ਸੈਲਸੀਅਸ ਘੱਟ ਸੀ। ਇਸੇ ਤਰ੍ਹਾਂ ਬਠਿੰਡਾ ‘ਚ ਵੱਧ ਤੋਂ ਵੱਧ ਤਾਪਮਾਨ 27.2 ਡਿਗਰੀ ਰਿਹਾ ਜੋ ਆਮ ਨਾਲੋਂ 12 ਡਿਗਰੀ ਸੈਲਸੀਅਸ ਘੱਟ ਸੀ। ਪਟਿਆਲਾ ‘ਚ ਵੱਧ ਤੋਂ ਵੱਧ ਤਾਪਮਾਨ 27.5 ਡਿਗਰੀ ਰਿਹਾ ਜੋ ਆਮ ਨਾਲੋਂ 12 ਡਿਗਰੀ ਸੈਲਸੀਅਸ ਘੱਟ ਰਿਹਾ।

    ਮੌਸਮ ਮਾਹਿਰਾਂ ਮੁਤਾਬਿਕ ਅਰਬ ਸਾਗਰ ‘ਚ ਆਏ ਚੱਕਰਵਾਤੀ ਤੂਫ਼ਾਨ ਤਾਓਤੇ ਨੇ ਹੁਣ ਦੇਸ਼ ਦੇ ਉੱਤਰੀ ਹਿੱਸੇ ਵਿਚ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਦਾਇਰੇ ‘ਚ ਹੁਣ ਉੱਤਰ ਪ੍ਰਦੇਸ਼ ਵੀ ਹੈ। ਬੰਗਾਲ ਦੀ ਖਾੜੀ ਵੱਲੋਂ ਚੱਲ ਰਹੀਆਂ ਪੂਰਬੀ ਹਵਾਵਾਂ ਪੂਰਬੀ ਉੱਤਰ ਪ੍ਰਦੇਸ਼ ਦੇ ਵਾਤਾਵਰਨ ‘ਚ ਨਮੀ ਦਾ ਇਜਾਫ਼ਾ ਕਰ ਰਹੀਆਂ ਹਨ। ਵੀਰਵਾਰ ਨੂੰ ਵੀ 20-25 ਮਿਲੀਮੀਟਰ ਬਾਰਿਸ਼ ਦੇ ਆਸਾਰ ਹਨ। ਸ਼ੁੱਕਰਵਾਰ ਨੂੰ ਵੀ ਬੂੰਦਾਬਾਂਦੀ ਤੋਂ ਲੈ ਕੇ ਹਲਕੀ ਬਾਰਿਸ਼ ਹੋ ਸਕਦੀ ਹੈ।

    LEAVE A REPLY

    Please enter your comment!
    Please enter your name here