ਮਿਲਖਾ ਸਿੰਘ ਦੀ ਮੌਤ ਨੂੰ ਲੈ ਕੇ ਸੋਸ਼ਲ ਮੀਡਿਆ ‘ਤੇ ਉੱਡੀ ਅਫ਼ਵਾਹ

    0
    164

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ‘ਫਲਾਇੰਗ ਸਿੱਖ’ ਦੇ ਨਾਂ ਨਾਲ ਮਸ਼ਹੂਰ ਹੋਏ ਮਿਲਖਾ ਸਿੰਘ ਦੀ ਮੌਤ ਬਾਰੇ ਸੋਸ਼ਲ ਮੀਡਿਆ ‘ਤੇ ਇੱਕ ਖ਼ਬਰ ਖ਼ੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲਿਖਿਆ ਹੈ ਕਿ ‘ਫਲਾਇੰਗ ਸਿੱਖ’ ਮਿਲਖਾ ਸਿੰਘ ਦਾ ਦੇਹਾਂਤ ਹੋ ਗਿਆ ਹੈ ਪਰ ਇਹ ਖ਼ਬਰ ਅਫ਼ਵਾਹ ਹੈ। ਜਦੋਂ ਨਿਊਜ਼ ਏਜੇਂਸੀ ਨੇ ਇਸ ਦੀ ਪੜਤਾਲ ਕੀਤੀ ਤਾਂ ਇਹ ਖ਼ਬਰ ਝੂਠੀ ਨਿਕਲੀ। ਜਦਕਿ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਮਿਲਖਾ ਸਿੰਘ ਦੀ ਹਾਲਤ ਸਥਿਰ ਹੈ।

    ਕੋਵਿਡ-19 ਇਨਫੈਕਸ਼ਨ ਨਾਲ ਜੂਝ ਰਹੇ ਮਹਾਨ ਭਾਰਤੀ ਫ਼ਰਾਟਾ ਮਿਲਖਾ ਸਿੰਘ ਦੀ ਹਾਲਤ ਸਥਿਰ ਹੈ ਪਰ ਉਨ੍ਹਾਂ ਦੀ ਪਤਨੀ ਅਤੇ ਭਾਰਤ ਦੀ ਸਾਬਕਾ ਵਾਲੀਬਾਲ ਕਪਤਾਨ ਨਿਰਮਲ ਕੌਰ ਦੀ ਹਾਲਤ ਵਿਗੜ ਗਈ ਹੈ। ਪੀਜੀਆਈ ਦੇ ਪੀਆਰਓ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਮਿਲਖਾ ਸਿੰਘ ਪਹਿਲਾਂ ਨਾਲੋਂ ਬਿਹਤਰ ਅਤੇ ਸਥਿਰ ਹੈ। ਆਕਸੀਜਨ ਦਾ ਪੱਧਰ ਘਟਣ ਤੋਂ ਬਾਅਦ ਉਸਨੂੰ ਵੀਰਵਾਰ ਨੂੰ ਹਸਪਤਾਲ ਲਿਆਂਦਾ ਗਿਆ ਸੀ।

    ਦੱਸ ਦਈਏ ਕਿ ਉਨ੍ਹਾਂ ਦੀ ਹਾਲਤ ਕੱਲ ਨਾਲੋਂ ਅੱਜ ਬਿਹਤਰ ਅਤੇ ਸਥਿਰ ਹੈ। ਪੀਜੀਆਈ ਵਿਖੇ ਤਿੰਨ ਡਾਕਟਰਾਂ ਦੀ ਟੀਮ ਮਿਲਖਾ ਸਿੰਘ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੀ ਹੈ। ਮਿਲਖਾ ਦੀ 82 ਸਾਲਾਂ ਪਤਨੀ ਨਿਰਮਲ ਫੋਰਟਿਸ ਹਸਪਤਾਲ ਦੇ ਆਈਸੀਯੂ ਵਿੱਚ ਹੈ ਅਤੇ ਉਸਦੀ ਹਾਲਤ ਵਿਗੜ ਗਈ ਹੈ। ਹਸਪਤਾਲ ਨੇ ਕਿਹਾ, “ਨਿਰਮਲ ਕੌਰ ਦੀ ਹਾਲਤ ਵਿਗੜ ਗਈ ਹੈ ਅਤੇ ਉਨ੍ਹਾਂ ਨੂੰ ਆਕਸੀਜਨ ਦੀ ਜ਼ਰੂਰਤ ਵਧੀ ਹੈ।”

    ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਮਿਲਖਾ ਸਿੰਘ ਦੀ ਹਾਲਤ ਜਾਣਨ ਲਈ ਬੁਲਾਇਆ ਸੀ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਸੀ। ਜਿਸ ਤੋਂ ਬਾਅਦ ਮਿਲਖਾ ਦੇ ਬੇਟੇ ਅਤੇ ਗੋਲਫਰ ਜੀਵ ਮਿਲਖਾ ਸਿੰਘ ਨੇ ਟਵੀਟ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਤੇ ਕਿਹਾ ਉਹ ਪੀਐੱਮ ਦੇ ਸ਼ੁੱਕਰਗੁਜ਼ਾਰ ਹਨ ਜਿਨ੍ਹਾਂ ਨੇ ਆਪਣੇ ਰੁਝੇਵਿਆਂ ’ਚੋਂ ਟਾਈਮ ਕੱਢ ਕੇ ਉਨ੍ਹਾਂ ਦੇ ਪਿਤਾ ਨੂੰ ਫ਼ੋਨ ਕੀਤਾ।

    ਦੱਸ ਦੇਈਏ ਕਿ 20 ਮਈ ਨੂੰ ਮਿਲਖਾ ਸਿੰਘ ਕੋਰੋਨਾ ਦੀ ਲਪੇਟ ਵਿੱਚ ਆ ਗਏ ਸੀ ਅਤੇ 24 ਮਈ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ। ਜਿੱਥੋਂ ਉਸਨੂੰ 31 ਮਈ ਨੂੰ ਛੁੱਟੀ ਦੇ ਦਿੱਤੀ ਗਈ। ਵੀਰਵਾਰ ਨੂੰ ਅਚਾਨਕ ਉਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਣ ’ਤੇ ਪੀ.ਜੀ.ਆਈ. ਵਿਚ ਦਾਖ਼ਲ ਕਰਾਇਆ ਗਿਆ। ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਵੀ ਕੋਰੋਨਾ ਪੀੜਤ ਹੋਣ ਕਾਰਨ ਮੋਹਾਲੀ ਦੇ ਹਸਪਤਾਲ ਵਿਚ ਭਰਤੀ ਹਨ। ਆਕਸੀਜਨ ਦੀ ਮਾਤਰਾ ਘੱਟ ਹੋਣ ਕਾਰਨ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ।

    LEAVE A REPLY

    Please enter your comment!
    Please enter your name here