ਮਜ਼ਾਕ ਦਾ ਕਾਰਨ ਬਣਦੀ ਜਾ ਰਹੀ ਹੈ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ !

    0
    130

    ਫ਼ਿਰੋਜ਼ਪੁਰ, ਜਨਗਾਥਾ ਟਾਇਮਜ਼: (ਰੁਪਿੰਦਰ)

    ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਲੋਕਾਂ ਦੇ ਮਜ਼ਾਕ ਦਾ ਕਾਰਨ ਬਣਦੀ ਜਾ ਰਹੀ ਹੈ। ਆਏ ਦਿਨ ਹਵਾਈ ਰੂਟ ਤੋਂ ਜੇਲ੍ਹ ਅੰਦਰ ਸੁੱਟੇ ਜਾਂਦੇ ਮੋਬਾਈਲ, ਚਿੱਟਾ ਤੇ ਅਫ਼ੀਮ ਦੀਆਂ ਵਾਰਦਾਤਾਂ ਅਜੇ ਰੁਕਣ ਦਾ ਨਾਂ ਵੀ ਨਹੀਂ ਲੈ ਰਹੀਆਂ ਸਨ ਕਿ ਹੁਣ ਤਾਂ ਲੋਕਾਂ ਨੇ ਜ਼ਰਦੇ ਅਤੇ ਬੀੜੀਆਂ ਵੀ ਜੇਲ੍ਹ ਅੰਦਰ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇੱਥੇ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਜੇਲ੍ਹ ਮੁਲਾਜ਼ਮਾਂ ਦੀ ਜੇਲ੍ਹ ਦੇ ਬਾਹਰੀ ਦੀਵਾਰਾਂ ਦੇ ਨਾਲ ਡਿਊਟੀ ਹੋਣ ਦੇ ਬਾਵਜੂਦ ਬਾਹਰੋਂ ਕੋਈ ਗ਼ੈਰ ਸਮਾਜੀ ਅਨਸਰ ਜੇਲ੍ਹ ਅੰਦਰ ਸਾਮਾਨ ਸੁੱਟਣ ਵਿਚ ਕਾਮਯਾਬ ਕਿਵੇਂ ਹੋ ਜਾਂਦਾ ਹੈ। ਅਜਿਹੀ ਹੀ ਇਕ ਵਾਰਦਾਤ ਨੂੰ ਅੰਜਾਮ ਦਿੰਦਿਆਂ ਬੀਤੇ ਦਿਨ ਕੁੱਝ ਗ਼ੈਰ ਸਮਾਜੀ ਅਨਸਰਾਂ ਵੱਲੋਂ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਟਾਵਰ ਨੰਬਰ 4 ਤੇ 5 ਵਿਚਕਾਰ ਜੇਲ੍ਹ ਦੇ ਬਾਹਰੋਂ ਥਰੋ ਕੀਤੀਆਂ ਬੋਤਲਾਂ ਵਿਚੋਂ ਜ਼ਰਦਾ ਤੇ ਬੀੜੀਆਂ ਬਰਾਮਦ ਹੋਣ ਦੀ ਖ਼ਬਰ ਹੈ।

    ਜਾਣਕਾਰੀ ਦਿੰਦੇ ਹੋਏ ਏਐੱਸਆਈ ਜੰਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਪੱਤਰ ਨੰਬਰ 3355 ਰਾਹੀਂ ਸਤਨਾਮ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 15 ਜੂਨ 2021 ਨੂੰ ਜੇਲ੍ਹ ਦੇ ਬਾਹਰੋਂ ਕਿਸੇ ਸ਼ਰਾਰਤੀ ਅਣਪਛਾਤੇ ਵਿਅਕਤੀ ਵੱਲੋਂ ਟਾਵਰ ਨੰਬਰ 4 ਤੇ 5 ਵਿਚਕਾਰ ਥਰੋ ਕੀਤੀ ਗਈ। ਸਤਨਾਮ ਸਿੰਘ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਸਮੇਤ ਸਾਥੀ ਕਰਮਚਾਰੀਆਂ ਦੇ ਮੌਕੇ ‘ਤੇ ਪਹੁੰਚ ਕੇ ਸੁੱਟੀ ਗਈ ਛੋਟੀ ਪਲਾਸਟਿਕ ਦੀ ਬੋਤਲ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਇਸ ਵਿਚੋਂ ਖੁੱਲਾ ਜਰਦਾ ਤੇ ਖੁੱਲੀਆਂ 36 ਬੀੜੀਆਂ ਬਰਾਮਦ ਹੋਈਆਂ। ਏਐੱਸਆਈ ਜੰਗ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ 42 ਪਰੀਜ਼ਨਜ ਐਕਟ 1894 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

    LEAVE A REPLY

    Please enter your comment!
    Please enter your name here