ਬਾਦਲਾਂ ਦੇ ਘਰ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ, ਸਰੂਪ ਮਾਮਲੇ ਚ ਘੇਰਿਆਂ ਘਰ !

    0
    120

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਪਿੰਡ ਬਾਦਲ ਵਿਖੇ ਆਏ ਹਾਂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਲਾਪਤਾ ਹੋ ਗਏ ਹਨ। ਸਮਝ ਤੋਂ ਬਾਹਰ ਹੈ ਕਿ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਹੁੰਦੀ ਹੈ, ਉਸ ਦੇ ਸਾਰੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਦੇਖ ਰੇਖ ਹੇਠ ਹਨ। ਇਹ ਕਮੇਟੀ ਬਾਦਲ ਸਾਹਿਬ ਦੇ ਅਧੀਨ ਹੀ ਕੰਮ ਕਰਦੀ ਹੈ। ਇਸ ਕਮੇਟੀ ਦਾ ਪ੍ਰਧਾਨ ਜਾਂ ਅਕਾਲ ਤਖਤ ਦਾ ਜਥੇਦਾਰ ਬਾਦਲਕਿਆਂ ਦੇ ਲਿਫਾਫੇ ਚੋਂ ਹੀ ਨਿਕਲਦਾ ਹੈ। ਤਾਂ ਫੇਰ ਜੋ ਇਹ 328 ਸਰੂਪ ਲਾਪਤਾ ਹੋਏ ਹਨ ਕਿ ਉਹ ਬਾਦਲ ਸਾਹਿਬ ਨੂੰ ਨਾ ਪਤਾ ਹੋਣਗੇ, ਉਨ੍ਹਾਂ ਨੂੰ ਇਸ ਬਾਰੇ ਹਰ ਹੀਲੇ ਪਤਾ ਹੋਊਗਾ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਬੀਤੇ ਦਿਨ ਵਰਿੰਦਰ ਸਿੰਘ ਸੇਖੋਂ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਨੇ ਉਸ ਵਕਤ ਕੀਤਾ ਜਦ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿਖੇ ਉਨ੍ਹਾਂ ਦੀ ਰਿਹਾਇਸ਼ ‘ਤੇ ਲਾਪਤਾ ਹੋਏ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਅਤੇ ਪੰਜਾਬ ਦੇ ਕਈ ਮਸਲਿਆਂ ਸਬੰਧੀ ‘ਇੱਕ ਖੁਲੀ’ ਚਿੱਠੀ ਬਾਦਲ ਨੂੰ ਦੇਣ ਲਈ ਪੁੱਜੇ ਸਨ, ਜੋਕਿ ਬਾਦਲ ਦੇ ਓਐੱਸਡੀ ਅਵਤਾਰ ਸਿੰਘ ਵਣਵਾਲਾ ਨੇ ਪ੍ਰਾਪਤ ਕੀਤੀ।

    ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਮੁੱਚੀ ਸਿੱਖ ਕੌਮ ਦਾ ਜੋ ਸਵਾਲ ਹੈ ਉਹ ਅੱਜ ਬਾਦਲ ਸਾਹਿਬ ਨੂੰ ਪੁੱਛਣ ਆਏ ਹਨ ਕਿ ਲਾਪਤਾ 328 ਸਰੂਪ ਕਿੱਥੇ ਹਨ? ਕਿਉਂਕਿ ਇਸ ਘਰ ਤੋਂ ਜਿਸ ਅੱਗੇ ਅਸੀਂ ਖੜੇ ਹੈ, ਇੱਥੋਂ ਪੰਜਾਬ ਦੀ ਬਰਬਾਦੀ ਦਾ ਮੁੱਢ 13 ਅਪ੍ਰੈਲ 1878 ਨੂੰ ਬੰਨਿਆਂ ਗਿਆ ਸੀ। 1878 ਤੋਂ ਹੁਣ ਤੱਕ ਜੋ ਪੰਜਾਬ ਦੀ ਬਰਬਾਦੀ ਹੋਈ ਹੈ ਚਾਹੇ ਉਹ ਪੰਜਾਬ ਦੇ ਪਾਣੀਆਂ ਦੀ ਹੈ, ਚਾਹੇ ਪੰਜਾਬ ਦੇ ਨੋਜਵਾਨਾਂ ਦੇ ਕਤਲੋਗਾਰਤ ਦੀ ਹੈ, ਚਾਹੇ ਪੰਜਾਬ ਅੰਦਰ ਇਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਦੀ ਸਰਪ੍ਰਸਤੀ ਹੇਠ ਵਗ ਰਹੇ ਨਸ਼ਿਆਂ ਦਾ ਛੇਵੇਂ ਦਰਿਆ ਦੀ ਹੈ, ਚਾਹੇ ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਤੇ ਕੇਬਲ ਮਾਫੀਆ ਵਰਗੇ ਜਿਨ੍ਹੇ ਵੀ ਮਾਫੀਆ ਚੱਲੇ ਆ ਰਹੇ ਹਨ, ਉਨ੍ਹਾਂ ਸਰਿਆਂ ਦੀਆਂ ਲੀਹਾਂ ਇਸ ਘਰ ਤੋਂ ਤੁਰੀਆਂ ਹਨ ਤੇ ਸਭ ਦੀਆਂ ਪੈੜਾਂ ਇਸੇ ਘਰ ਤੱਕ ਆਕੇ ਖ਼ਤਮ ਹੁੰਦੀਆਂ ਹਨ। ਵੱਡੇ ਬਾਦਲ ਦੇ ਸਪੁੱਤਰ ਸੁਖਬੀਰ ਬਾਦਲ ਜਾਂ ਕੇਂਦਰ ‘ਚ ਬੈਠੇ ਇਸ ਘਰ ਦੀ ਨੂੰਹ ਰਾਣੀ ਬੀਬਾ ਹਰਸਿਮਰਤ ਕੌਰ ਬਾਦਲ ਹੁਰੀਂ ਇੱਕ ਪਾਸੇ ਤਾਂ ਕੇਂਦਰ ‘ਚ ਕਿਸਾਨ ਵਿਰੋਧੀ ਆਰਡੀਨੈਂਸਾਂ ‘ਤੇ ਆਪਣੇ ਹਸਤਾਖ਼ਸ਼ਰ ਕਰ ਦਿੰਦੇ ਹਨ ਤੇ ਇੱਧਰ ਪੰਜਾਬ ਵਿੱਚ ਕਿਸਾਨ ਹਿਤੈਸ਼ੀ ਹੋਣ ਦੇ ਡਰਾਮੇ ਕਰਦੇ ਹਨ। ਇਨ੍ਹਾਂ ਨੂੰ ਪੁੱਛਣਾ ਬਣਦਾ ਹੈ ਕਿ ਜੇਕਰ ਇਨ੍ਹਾਂ ਨੂੰ ਕਿਸਾਨਾਂ ਦੇ ਹਿੱਤਾਂ ਤੇ ਹੱਕਾਂ ਦੀ ਇੰਨ੍ਹੀ ਚਿੰਤਾ ਸੀ ਤਾਂ ਵਿਧਾਨ ਸਭਾ ‘ਚ ਇੰਨ੍ਹਾਂ ਦਾ ਇੱਕ ਵੀ ਵਿਧਾਇਕ ਕਿਓਂ ਨਹੀਂ ਪਹੁੰਚਿਆ। ਦੂਸਰੇ ਪਾਸੇ ‘ਆਮ ਆਦਮੀ ਪਾਰਟੀ’ ਨਾਟਕ ਕਰਦੀ ਫਿਰਦੀ ਹੈ ਤੇ ਬੈਂਸ ਹੁਰੀਂ ਤਾਂ ਡਰਾਮੇਬਾਜ਼ੀ ਦਾ ਸਿਰਾ ਹੀ ਲਾ ਦਿੰਦੇ ਹਨ। ਇਹ ਲੋਕ ਵਾਕਆਉਟ ਦਾ ਡਰਾਮਾ ਇਸ ਲਈ ਕਰਦੇ ਹਨ ਕਿ ਬਾਹਰ ਮੀਡੀਆ ਅੱਗੇ ਜਦ ਇੰਨ੍ਹਾਂ ਦੀ ਖਿੱਚ ਧੂਹ ਹੋਏਗੀ ਤਾਂ ਇਹ ਸੁਰਖੀਆਂ ‘ਚ ਆ ਜਾਣਗੇ।

    ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਬੇਹੱਦ ਤਰਸਯੋਗ ਬਣੇ ਹੋਏ ਹਨ ਤੇ ਸੂਬੇ ਦੀ ਮੁੱਖ ਵਿਰੋਧੀ ਧਿਰ ਪਾਰਟੀ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਚੋਂ ਕਿਸੇ ਨੇ ਵੀ ਪੰਜਾਬ ਦੇ ਪਾਣੀਆਂ, ਨਸ਼ਿਆਂ ‘ਚ ਗਲਤਾਨ ਹੁੰਦੀ ਅਤੇ ਬੇਰੋਜ਼ਗਾਰੀ ਦੇ ਚਾਕਾਂ ‘ਚ ਪਿਸਦੀ ਨੋਜਵਾਨੀ, ਪੰਜਾਬੀ ਭਾਸ਼ਾਂ ਜਾਂ ਪੰਜਾਬ ਅੰਦਰ ਥੋਪੇ ਜਾ ਰਹੇ ਕਾਲੇ ਕਾਨੂੰਨ ਪੋਕਾ, ਟਾਂਡਾ ਅਤੇ ਹੁਣ ਯੂਏਪੀ ਬਾਰੇ ਮੁਖਾਲਫਤ ਨਹੀਂ ਕੀਤੀ ਤੇ ਨਾਮ ਹੀ ਕੋਈ ਹਾਅ ਦਾ ਨਾਅਰਾ ਮਾਰਿਆ। ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਪੰਜਾਬ ਹੀ ਹੈ ਜਿਸ ਨੇ ਪੰਜਾਬ ਦੀ ਬਰਬਾਦ ਹੋ ਰਹੀ ਨੌਜਵਾਨੀ ਤੇ ਨੌਜਵਾਨਾਂ ਦੇ ਹੱਕਾਂ ਲਈ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਅਤੇ ਹੁਣ ਲਾਪਤਾ ਹੋਏ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਲਈ ਅੱਜ ਜਿੱਥੇ ਸੂਬੇ ਭਰ ਵਿੱਚ ਆਵਾਜ ਬੂਲੰਦ ਕਰ ਰਿਹਾ ਹੈ ਉੱਥੇ ਹੀ ਅੱਜ ਇਸ ਸਾਰੇ ਕਾਸੇ ਦੇ ਧੁਰੇ ‘ਬਾਦਲ’ ਕੁਨਬੇ ਦੇ ਪਿੰਡ ਉਨ੍ਹਾਂ ਦੀ ਰਿਹਾਇਸ਼ ‘ਤੇ ਇੱਕ ਖੁੱਲੀ ਚਿੱਠੀ ਲੈਕੇ ਪੁੱਜਿਆ ਹੈ।

    ਪੱਤਰਕਾਰਾਂ ਵੱਲੋਂ ਦਿੱਤੇ ਜਾਣ ਵਾਲੇ ਮੰਗ ਪੱਤਰ ਬਾਰੇ ਪੁੱਛੇ ਸਵਾਲ ‘ਤੇ ਉਨ੍ਹਾਂ ਬੋਲਦਿਆਂ ਕਿਹਾ ਕਿ ਮੰਗ ਪੱਤਰ ਉਸ ਨੂੰ ਦਿੱਤਾ ਜਾਂਦਾ ਹੈ ਜਿਸ ਤੋਂ ਕਿਸੇ ਇਨਸਾਫ਼ ਦੀ ਉਮੀਦ ਹੋਏ, ਉਹ ਤਾਂ ਪੰਜਾਬ ਅੰਦਰ ਜੋ ਹੁੱਣ ਤੱਕ ਵਾਪਰਿਆ, ਜੋ ਵੀ ਧੱਕੇ ਹੋਏ, ਘੱਟ ਗਿਣਤੀਆਂ ਨਾਲ ਜੋ ਮਾੜਾ ਵਤੀਰਾ ਹੋ ਰਿਹਾ ਹੈ, ਜੋ ਇਸ ਬਾਦਲ ਪਰਿਵਾਰ ਦੀ ਦੇਣ ਹੈ ਉਹ ਚਾਹੇ ਐਸ ਵਾਈ ਐਲ ਦੀ ਹੋਵੇ, ਚਾਹੇ ਨਸ਼ਿਆਂ ਦੀ ਹੋਵੇ, ਚਾਹੇ ਸੂਬੇ ‘ਚ ਹੁਣ ਤੱਕ ਨੋਜਵਾਨਾਂ ਦੇ ਕਤਲਾਂ, ਜੋ ਇੰਨ੍ਹਾਂ ਕੇ ਪੀ ਐੱਸ ਗਿੱਲ ਵਰਗਿਆਂ ਨਾਲ ਮੀਟਿੰਗਾਂ ਕਰਕੇ ਕਰਵਾਏ, ਦੀ ਹੋਵੇ, ਇਨ੍ਹਾਂ ਸਾਰਿਆਂ ਮੁੱਦਿਆਂ ਨੂੰ ਨੰਗਿਆਂ ਕਰਨ ਲਈ ਇੱਕ ‘ਖੁੱਲੀ ਚਿੱਠੀ’ ਬਾਦਲ ਸਾਹਿਬ ਨੂੰ ਦੇਣ ਆਏ ਹਾਂ। ਉਹ ਪੁੱਛਣਾ ਚਾਹੁੰਦੇ ਹਨ ਕਿ ਬਾਦਲ ਸਾਹਿਬ ਹੁਣ ਤਾਂ ਸੱਚ ਬੋਲਣਾ ਸ਼ੁਰੂ ਕਰ ਦਿਓ, ਨਹੀਂ ਤਾਂ ਘੱਟੋ ਘੱਟ 328 ਲਾਪਤਾ ਸਰੂਪਾਂ ਬਾਰੇ ਹੀ ਆਪਣੀ ਜ਼ੁਬਾਨੀ ਕੁਝ ਕਹਿ ਦੱਸ ਦਿਓ ਕਿ ਉਹ ਸਰੂਪ ਕਿੱਥੇ ਗਏ। ਹੁਣ ਇੱਕ ਗੱਲ ਇੱਥੇ ਹੋਰ ਸਾਂਝੀ ਕਰਨੀ ਚਾਹੁੰਦੇ ਹਾਂ ਜੋ ਮੀਡੀਆ ਵਿੱਚ ਵੀ ਆ ਚੁੱਕੀ ਹੈ ਕਿ ਇਹ ਲੋਕ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ‘ਚ ਇਨ੍ਹਾਂ ਦਾ ਕੋਈ ਹੱਥ ਨਹੀਂ ਤਾਂ ਇਹ ਹੀ ਦੱਸ ਦੇਣ ਕਿ ਇਨ੍ਹਾਂ ਦੀ ਸ਼੍ਰੋਮਣੀ ਕਮੇਟੀ ਵੱਲੋਂ ਕੈਨੇਡਾ ਭੇਜੇ ਗਏ ਜੋ 540 ਸਰੂਪ ਵੈਨਕੂਵਰ ਦੀ ਪੋਰਟ ‘ਤੇ ਖੜੀ ਬੱਸ ਵਿੱਚ ਪਏ ਰਹੇ ਤੇ ਸਮੇਂ ਸਿਰ ਯੋਗ ਅਸਥਾਨ ‘ਤੇ ਨਾ ਅੱਪੜੇ ਬਲਕਿ ਬੱਸ ਵਿੱਚ ਹੀ ਸਲਾਭ ਨਾਲ ਖਰਾਬ ਹੋ ਗਏ। ਕੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਤਾਂ ਹੋਰ ਕੀ ਹੈ। ਦੱਸੋ ਕਿੱਥੇ ਨਹੀਂ ਇਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਕਰਵਾਈ। ਪੰਜਾਬੀ ਨੋਜਵਾਨਾਂ ਦੇ ਕਾਤਲ ਸੁਮੇਧ ਸੈਣੀ ਨੂੰ ਬਚਾਉੂਣ ਲਈ ਇਹ ਵਕੀਲ ਖੜੇ ਕਰ ਰਹੇ ਹਨ। ਬਰਗਾੜੀ ਕਾਂਡ ਹੋਇਆ, ਇਨ੍ਹਾਂ ਵੱਲੋਂ ਹੁਕਮ ਕੀਤੇ ਜਾਣ ‘ਤੇ ਪੁਲਿਸ ਨੇ ਬਹਿਬਲ ਕਲਾਂ ‘ਚ ਦੋ ਸਿੰਘ ਸ਼ਹੀਦ ਕਰ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿਹੜਾ ਕਿਹੜਾ ਬਾਦਲਕਿਆਂ ਦਾ ਗੁਨਾਹ ਅੱਜ ਉਨ੍ਹਾਂ ਦੇ ਪਿੰਡ ਵਿੱਚ ਹੀ ਖੜ ਕੇ ਗਿਣਾਵਾਂ ਜੋ ਇਨ੍ਹਾਂ ਸਮੁੱਚੀ ਸਿੱਖ ਕੌਮ ਅਤੇ ਪੰਜਾਬ ਦੇ ਨੁਕਸਾਨ ਲਈ ਨਾ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਬਾਦਲ ਨੂੰ ਇਨ੍ਹਾਂ ਸਭ ਸਵਾਲਾਂ ਦੇ ਜਵਾਬ ਦੇਣੇ ਹੀ ਪੈਣੇ ਹਨ ਜੋ ਸਮੁੱਚੀ ਸਿੱਖ ਕੌਮ ਉਨ੍ਹਾਂ ਨੂੰ ਪੁੱਛ ਰਹੀ ਹੈ।

    ਦੱਸਣਯੋਗ ਹੈ ਕਿ ਪਿੰਡ ਬਾਦਲ ਪੁੱਜੇ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਵਫਦ ਨੂੰ ਬਾਦਲ ਵਿਖੇ ਵੱਡੀ ਵਿਣਤੀ ਵਿੱਚ ਮੌਜੂਦ ਪੁਲਿਸ ਅਮਲੇ ਵੱਲੋਂ ਸ੍ਰ ਬਾਦਲ ਦੀ ਰਿਹਾਇਸ਼ ਤੋਂ ਪਹਿਲਾਂ ਹੀ ਬੈਰੀਕੇਟ ਲਾਕੇ ਰੋਕ ਲਿਆ ਗਿਆ। ਜਿੱਥੇ ਕਿ ਇਹ ਲੋਕ ਖੜੇ ਹੋਕੇ ਸਤਿਨਾਮ ਵਾਹਿਗੁਰੂ ਸਿਮਰਨ ਲੱਗੇ ਤੇ ਇਹ ਤਦ ਤੱਕ ਜਾਰੀ ਰਿਹਾ ਜਦ ਤੱਕ ਬਾਦਲ ਦੇ ਓ ਐੱਸ ਡੀ ਅਵਤਾਰ ਸਿੰਘ ਵਣਵਾਲਾ ਨੇ ਉਨ੍ਹਾਂ ਕੋਲੋਂ ਬਾਦਲ ਦੇ ਨਾਮ ਲਿਆਂਦੀ ਖੁੱਲੀ ਚਿੱਠੀ ਨਾ ਲੈ ਲਈ ਗਈ। ਅਵਤਾਰ ਸਿੰਘ ਨੇ ਗੋਗਲੂਆਂ ਤੋਂ ਮਿੱਟੀ ਝਾੜਦਿਆਂ ਆਏ ਵਫਦ ਨੂੰ ਚਾਹ ਰੋਟੀ ਪੁੱਛਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਇੱਛਾ ਹੈ ਤਾਂ ਲੰਗਰ ਪਾਣੀ ਛਕ ਕੇ ਜਾਣ ਕਿਉਂਕਿ ਲੰਗਰ ਕਿਸੇ ਪਾਰਟੀ ਜਾਂ ਵਿਸ਼ੇਸ਼ ਵਿਅਕਤੀ ਦਾ ਨਹੀਂ ਹੁੰਦਾ ਬਲਕਿ ਗੁਰੂ ਦੀ ਦਾਤ ਹੈ।

    LEAVE A REPLY

    Please enter your comment!
    Please enter your name here