ਪੰਜਾਬ ਸਰਕਾਰ ਨੇ ਆਪਣੇ 93 ਫ਼ੀਸਦੀ ਤੋਂ ਵੱਧ ਵਾਅਦੇ ਪੂਰੇ ਕੀਤੇ: ਬਲਬੀਰ ਸਿੱਧੂ

    0
    122

    ਚੰਡੀਗੜ੍ਹ, (ਰੁਪਿੰਦਰ) :

    ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਚੋਣਾਂ ਸਮੇਂ ਲੋਕਾਂ ਨਾਲ ਕੀਤੇ 93 ਫ਼ੀਸਦੀ ਤੋਂ ਵੱਧ ਵਾਅਦੇ ਪੂਰੇ ਕਰ ਦਿੱਤੇ ਹਨ ਅਤੇ ਜਿਹੜੇ ਵਾਅਦੇ ਰਹਿੰਦੇ ਹਨ, ਉਹ ਆਉਣ ਵਾਲੇ ਇਕ-ਦੋ ਮਹੀਨਿਆਂ ਵਿੱਚ ਪੂਰੇ ਕਰ ਦਿੱਤੇ ਜਾਣਗੇ।

    ਇੱਥੇ ਬਾਲ ਗੋਪਾਲ ਗਊਸ਼ਾਲਾ ਬਲੌਂਗੀ ਵਿਖੇ ਰੱਖਣੀ ਦੇ ਤਿਉਹਾਰ ਨੂੰ ਸਮਰਪਿਤ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਜ਼ਿਕਰਯੋਗ ਤਰੱਕੀ ਹਾਸਲ ਕੀਤੀ ਹੈ। ਕੋਰੋਨਾ ਕਾਲ ਦੌਰਾਨ ਜਿੱਥੇ ਹੋਰ ਸੂਬਿਆਂ ਦੇ ਲੋਕਾਂ ਨੂੰ ਹਸਪਤਾਲਾਂ ਵਿੱਚ ਬੈੱਡ ਤੇ ਆਕਸੀਜਨ ਦੀ ਘਾਟ ਦਾ ਸਾਹਮਣਾ ਕਰਨਾ ਪਿਆ, ਉਥੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੀ ਘਾਟ ਕਾਰਨ ਕਿਸੇ ਵੀ ਮਰੀਜ਼ ਦੀ ਜਾਨ ਨਹੀਂ ਗਈ। ਆਕਸੀਜਨ ਲਈ ਤਾਂ ਸਗੋਂ ਦੂਜੇ ਸੂਬਿਆਂ ਦੇ ਲੋਕ ਪੰਜਾਬ ਵਿੱਚ ਆਏ। ਸਾਡੀ ਸਰਕਾਰ ਨੇ ਉਨ੍ਹਾਂ ਲਈ ਵੀ ਪੂਰੇ ਪ੍ਰਬੰਧ ਕੀਤੇ।ਸਿੱਧੂ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਵੀ ਪੰਜਾਬ ਦੇਸ਼ ਭਰ ਦੇ ਮੋਹਰੀ ਸੂਬਿਆਂ ਵਿੱਚ ਪਹੁੰਚ ਗਿਆ ਹੈ। ਹਾਲ ਹੀ ਵਿੱਚ ਆਈ ਇਕ ਰਿਪੋਰਟ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਦੇਸ਼ ਦੇ ਬਾਕੀ ਸਾਰੇ ਸੂਬਿਆਂ ਨੂੰ ਪਛਾੜ ਕੇ ਪਹਿਲੀ ਥਾਂ ਮੱਲੀ, ਜੋ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਵੱਡੀ ਪ੍ਰਾਪਤੀ ਹੈ। ਇਸ ਤੋਂ ਇਲਾਵਾ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਵੀ ਸਾਡਾ ਸੂਬਾ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਛੋਹ ਰਿਹਾ ਹੈ।

    ਸਮਾਗਮ ਵਿੱਚ ਪਹੁੰਚੇ ਲੋਕਾਂ ਨਾਲ ਆਪਣੀ ਸਾਂਝ ਦਾ ਜ਼ਿਕਰ ਕਰਦਿਆਂ ਸਿਹਤ ਮੰਤਰੀ ਨੇ ਆਖਿਆ ਕਿ ਹਲਕੇ ਦੇ ਲੋਕ ਉਨ੍ਹਾਂ ਲਈ ਪਰਿਵਾਰ ਵਾਂਗ ਹਨ। ਲੋਕਾਂ ਦੇ ਪਿਆਰ ਨੇ ਹੀ ਉਨ੍ਹਾਂ ਨੂੰ ਸਿਆਸਤ ਵਿੱਚ ਲਿਆਂਦਾ ਅਤੇ ਮੰਤਰੀ ਦੀ ਕੁਰਸੀ ਤੱਕ ਪਹੁੰਚਾਇਆ। ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਤਿਉਹਾਰ ਆਪਣੇ ਪਰਿਵਾਰ ਵਿੱਚ ਰਹਿ ਕੇ ਮਨਾਉਣ, ਜਿਸ ਲਈ ਅੱਜ ਇਹ ਨਿੱਕਾ-ਜਿਹਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਹਲਕੇ ਦੇ ਜੇ ਕਿਸੇ ਵੀ ਬਸ਼ਿੰਦੇ ਦਾ ਕੋਈ ਸਰਕਾਰੇ-ਦਰਬਾਰੇ ਕੰਮ ਨਹੀਂ ਹੁੰਦਾ, ਕਿਤੇ ਗਲੀਆਂ-ਨਾਲੀਆਂ ਤੇ ਸੜਕਾਂ ਦੀ ਲੋੜ ਹੈ, ਕਿਤੇ ਬੁਨਿਆਦੀ ਢਾਂਚੇ ਦੀ ਕੋਈ ਹੋਰ ਸਮੱਸਿਆ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ, ਜਿਸ ਦਾ ਸਮੇਂ ਸਿਰ ਹੱਲ ਕਰਵਾਇਆ ਜਾਵੇਗਾ।

    ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਪੁੱਜੀਆਂ ਭੈਣਾਂ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ 2600 ਦੇ ਕਰੀਬ ਸੂਟ ਵੰਡੇ। ਇਸ ਸਮੇਂ ਉਨ੍ਹਾਂ ਨਾਲ ਮੇਅਰ ਨਗਰ ਨਿਗਮ ਮੋਹਾਲੀ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਕੰਵਰਵੀਰ ਸਿੰਘ ਸਿੱਧੂ, ਸਾਬਕਾ ਪ੍ਰਧਾਨ ਨਗਰ ਕੌਂਸਲ ਰਾਜਿੰਦਰ ਰਾਣਾ, ਰਿਸ਼ਵ ਜੈਨ, ਸਰਪੰਚ ਬਲੌਂਗੀ ਬਹਾਦਰ ਸਿੰਘ, ਕੌਂਸਲਰ ਬਲਜੀਤ ਕੌਰ ਅਤੇ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਜੋਗਿੰਦਰ ਸਿੰਘ ਧਾਲੀਵਾਲ ਹਾਜ਼ਰ ਸਨ।

    LEAVE A REPLY

    Please enter your comment!
    Please enter your name here