ਪੰਜਾਬ ‘ਚ ਆਉਂਦੇ ਦਿਨਾਂ ਅੰਦਰ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, 1 ਜੁਲਾਈ ਤੋਂ ਮੌਨਸੂਨ

    0
    132

    ਲੁਧਿਆਣਾ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਵਿੱਚ ਆਉਂਦੇ ਦਿਨਾਂ ਅੰਦਰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਇਸ ਵਾਰ ਮੌਨਸੂਨ ਦੀ ਆਮਦ ਸਮੇਂ ਸਿਰ ਹੋਵੇਗੀ। ਮੌਸਮੀ ਬਦਲਾਅ ਕਾਰਨ ਗਰਮੀਆਂ ਅਤੇ ਸਰਦੀਆਂ ਦੇ ਵਿੱਚ ਤਬਦੀਲੀ ਆਈ ਹੈ। ਪੰਜਾਬ ਵਿੱਚ ਮਈ ਮਹੀਨੇ ਅੰਦਰ ਆਮ ਨਾਲੋਂ ਗਰਮੀ ਘੱਟ ਪਈ ਹੈ। ਇਹ ਦਾਅਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਕੀਤਾ ਹੈ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਮਈ ਮਹੀਨੇ ਵਿੱਚ ਜ਼ਿਆਦਾਤਰ ਆਮ ਨਾਲੋਂ ਪਾਰਾ 2-3 ਡਿਗਰੀ ਘੱਟ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ 48 ਘੰਟਿਆਂ ਅੰਦਰ ਪੰਜਾਬ ਦੇ ਵਿੱਚ ਮੌਸਮ ਬੱਦਲਵਾਈ ਵਾਲਾ ਜਾਂ ਕਿਤੇ ਕਿਤੇ ਹਲਕੀ ਬਾਰਿਸ਼ ਵਾਲਾ ਰਹੇਗਾ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੇਗੀ।

    ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਮੌਸਮ ਦੇ ਵਿੱਚ ਵੱਡੀਆਂ ਤਬਦੀਲੀਆਂ ਵੀ ਵੇਖਣ ਨੂੰ ਮਿਲ ਰਹੀਆਂ ਨੇ ਪਰ ਚੰਗੀ ਖ਼ਬਰ ਇਹ ਹੈ ਕਿ ਮੌਨਸੂਨ ਸਮੇਂ ਸਿਰ ਦੇਸ਼ ਅੰਦਰ ਆ ਰਿਹਾ ਹੈ ਅਤੇ ਉਮੀਦ ਹੈ ਕਿ ਪਹਿਲੀ ਜੁਲਾਈ ਤਕ ਪੰਜਾਬ ਵਿੱਚ ਵੀ ਦਾਖਲ ਹੋ ਜਾਵੇਗਾ।

    ਮੌਸਮ ਵਿਭਾਗ ਦੀ ਮੁਖੀ ਨੇ ਦੱਸਿਆ ਕਿ ਮਈ ਮਹੀਨੇ ਦੇ ਵਿੱਚ ਜ਼ਿਆਦਾਤਰ ਪਾਰਾ ਚਾਲੀ ਡਿਗਰੀ ਤੋਂ ਹੇਠਾਂ ਰਿਹਾ ਹੈ ਸਿਰਫ਼ ਇਕ ਅੱਧੇ ਦਿਨ ਹੀ ਗਰਮੀ ਜ਼ਿਆਦਾ ਪਈ ਹੈ ਲਗਾਤਾਰ ਆ ਰਹੇ ਸਾਈਕਲੋਨ ਅਤੇ ਚੱਕਰਵਾਤ ਕਾਰਨ ਗਰਮੀ ਉਸ ਪੱਧਰ ਦੀ ਨਹੀਂ ਪਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਉਂਦੇ ਦਿਨਾਂ ਚ ਮੌਸਮ ਗਰਮੀ ਤੋਂ ਕੁਝ ਰਾਹਤ ਦੇਵੇਗਾ ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਵੱਡੇ ਕਲਾਈਮੇਟ ਚੇਂਜ ਹੋ ਰਹੇ ਨੇ ਜਿਸ ਕਰਕੇ ਹਾਲਾਂਕਿ ਪ੍ਰਿਥਵੀ ਦਾ ਅੰਦਰੂਨੀ ਤਾਪਮਾਨ ਵਿੱਚ ਸਿਰਫ਼ ਇੱਕ ਡਿਗਰੀ ਦਾ ਹੀ ਫ਼ਰਕ ਪਿਆ ਹੈ ਪਰ ਇਸਦਾ ਜਾਨਵਰਾਂ ਅਤੇ ਬਨਸਪਤੀ ਤੇ ਜ਼ਿਆਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।

    ਉਨ੍ਹਾਂ ਨੇ ਕਿਹਾ ਇਹੀ ਕਾਰਨ ਹੈ ਕਿ ਗਰਮੀ ਅਤੇ ਸਰਦੀਆਂ ਆਪਣੇ ਸਮੇਂ ਤੋਂ ਦੇਰੀ ਨਾਲ ਜਾਂ ਪਹਿਲਾਂ ਆ ਜਾਂਦੀਆਂ ਹਨ ਅਤੇ ਇਕਦਮ ਗਰਮੀ ਕਦੇ ਵਧ ਜਾਂਦੀ ਹੈ ਅਤੇ ਕਦੇ ਸਰਦੀ ਵਧ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਇੱਕੋ ਇੱਕ ਕਾਰਨ ਹੈ ਜੋ ਲਗਾਤਾਰ ਪ੍ਰਦੂਸ਼ਣ ਵਧ ਰਿਹਾ ਹੈ ਅਤੇ ਅਸੀਂ ਹਰਿਆਲੀ ਤੋਂ ਲਗਾਤਾਰ ਦੂਰ ਹੁੰਦੇ ਜਾ ਰਹੇ ਹਾਂ ਪੰਜਾਬ ਜੋ ਕਿ ਖੇਤੀਬਾੜੀ ਸੂਬਾ ਹੈ ਉਸ ਥਾਂ ਤੇ ਏਅਰ ਕੁਆਲਿਟੀ ਇੰਡੈਕਸ ਹੇਠਾਂ ਡਿੱਗ ਰਿਹਾ ਹੈ ਜੋ ਇਹ ਚਿੰਤਾ ਦਾ ਵਿਸ਼ਾ ਹੈ।

    LEAVE A REPLY

    Please enter your comment!
    Please enter your name here