ਪੀਐੱਨਬੀ ਘੋਟਾਲੇ ਦਾ ਦੋਸ਼ੀ ਮੇਹੁਲ ਚੋਕਸੀ ਹੋਇਆ ਗਾਇਬ, ਹਾਲੇ ਤੱਕ ਨਹੀਂ ਮਿਲਿਆ ਕੋਈ ਸੁਰਾਗ

    0
    161

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਪੰਜਾਬ ਨੈਸ਼ਨਲ ਬੈਂਕ ਘੋਟਾਲੇ ਵਿੱਚ ਦੋਸ਼ੀ ਤੇ ਭਗੋੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਐਂਟੀਗੁਆ ਤੋਂ ਲਾਪਤਾ ਹੋ ਗਿਆ ਹੈ। ਚੋਕਸੀ ਦੇ ਵਕੀਲ ਵਿਜੇ ਅਗਰਵਾਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਐਂਟੀਗੁਆ ਪੁਲਿਸ ਨੇ ਉਸ ਦੀ ਭਾਲ ਲਈ ਇਕ ਵੱਡਾ ਅਭਿਆਨ ਚਲਾਇਆ ਹੈ। ਅਗਰਵਾਲ ਦਾ ਕਹਿਣਾ ਹੈ ਕਿ ਚੋਕਸੀ ਦਾ ਪਰਿਵਾਰ ਚਿੰਤਤ ਅਤੇ ਪਰੇਸ਼ਾਨ ਹੈ। ਉਨ੍ਹਾਂ ਨੇ ਉਸਨੂੰ ਇਸ ਬਾਰੇ ਗੱਲਬਾਤ ਕਰਨ ਲਈ ਬੁਲਾਇਆ ਹੈ।

    ਕੇਂਦਰੀ ਜਾਂਚ ਬਿਊਰੋ (ਸੀਬੀਆਈ) ਮੇਹੁਲ ਚੋਕਸੀ ਨੂੰ ਏਂਟੀਗੁਆ ਤੋਂ ਭਾਰਤ ਲਿਆਉਣ ਦੇ ਲਈ ਹਰ ਮੁਮਕਿਨ ਕੋਸ਼ਿਸ਼ ਕਰ ਰਹੀ ਸੀ। ਐਂਟੀਗੁਆ ਸਰਕਾਰ ਉੱਤੇ ਵੀ ਭਾਰਤ ਸਰਕਾਰ ਵਲੋਂ ਕਾਫੀ ਦਬਾਅ ਬਣਾਇਆ ਜਾ ਰਿਹਾ ਸੀ। ਅਜਿਹੇ ਵਿਚ ਸੀਬੀਆਈ ਨਾਲ ਜੁੜੇ ਇਕ ਸੂਤਰ ਨੇ ਇਕ ਨਿਊਜ਼ ਪੋਰਟਲ ਨੂੰ ਦੱਸਿਆ ਕਿ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੇ ਲਾਪਤਾ ਹੋਣ ਦੀਆਂ ਖਬਰਾਂ ਉੱਤੇ ਉਨ੍ਹਾਂ ਨੇ ਨੋਟਿਸ ਲਿਆ ਹੈ। ਤੱਥਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ।ਚੋਕਸੀ ਜਿਨ੍ਹਾਂ ਹਾਲਾਤਾਂ ਵਿੱਚ ਲਾਪਤਾ ਹੋਏ ਹਨ ਉਸ ਨਾਲ ਕਈ ਸਵਾਲ ਖੜੇ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਚੋਕਸੀ ਆਈਲੈਂਡ ਦੇ ਦੱਖਣੀ ਹਿੱਸੇ ਵਿੱਚ ਇਕ ਮਸ਼ਹੂਰ ਰੈਸਟੋਰੈਂਟ ਵਿਚ ਖਾਣਾ ਖਾਣ ਲਈ ਦੇਰ ਸ਼ਾਮ ਘਰੋਂ ਨਿਕਲੇ ਸਨ। ਉਹ ਆਪਣੀ ਗੱਡੀ ਚਲਾ ਕੇ ਰੈਸਟੋਰੈਂਟ ਜਾ ਰਹੇ ਸਨ ਪਰ ਇਸ ਤੋਂ ਬਾਅਦ ਉਨ੍ਹਾਂ ਦਾ ਕਿਤੇ ਪਤਾ ਨਹੀਂ ਲੱਗਿਆ। ਪਰਿਵਾਰ ਨੂੰ ਵੀ ਇਸ ਬਾਰੇ ਜਾਣਕਾਰੀ ਨਹੀਂ ਹੈ।

    ਓਧਰ ਏਂਟੀਗੁਆ ਮੀਡੀਆ ਮੁਤਾਬਕ ਪੁਲਿਸ ਨੇ ਮੇਹੁਲ ਚੋਕਸੀ ਦੀ ਤਲਾਸ਼ ਦੇ ਲਈ ਇਕ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਹੈ। ਬੀਤੀ ਰਾਤ ਉਨ੍ਹਾਂ ਦੀ ਗੱਡੀ ਨੂੰ ਜੌਲੀ ਹਾਰਬਰ ਵਿਚ ਤਲਾਸ਼ਿਆ ਗਿਆ ਪਰ ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਹਾਲਾਂਕਿ ਪੁਲਿਸ ਵਲੋਂ ਅਜੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਅਜਿਹਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਚੋਕਸੀ ਕਿਊਬਾ ਚਲੇ ਗਏ ਹਨ, ਜਿਥੇ ਉਨ੍ਹਾਂ ਦਾ ਇਕ ਆਲੀਸ਼ਾਨ ਘਰ ਹੈ।

    ਜ਼ਿਕਰਯੋਗ ਹੈ ਕਿ ਮੇਹੁਲ ਚੋਕਸੀ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦਾ ਦੋਸ਼ੀ ਹੈ। ਸੀਬੀਆਈ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਉਹ 2018 ਵਿੱਚ ਭਾਰਤ ਤੋਂ ਭੱਜ ਗਿਆ ਸੀ। ਚੋਕਸੀ, ਨੀਰਵ ਮੋਦੀ ਦਾ ਮਾਮਾ ਹੈ। ਨੀਰਵ ਮੋਦੀ ਵੀ 13,000 ਕਰੋੜ ਰੁਪਏ ਤੋਂ ਵਧੇਰੇ ਦੇ ਇਸ ਕਥਿਤ ਘੋਟਾਲਾ ਮਾਮਲੇ ਵਿਚ ਇਕ ਹੋਰ ਮੁੱਖ ਦੋਸ਼ੀ ਹੈ।

    LEAVE A REPLY

    Please enter your comment!
    Please enter your name here