ਪਹਿਲੀ ਜੁਲਾਈ ਤੋਂ ਲਾਗੂ ਹੋਵੇਗਾ 6ਵਾਂ ਪੇ-ਕਮਿਸ਼ਨ ਪੰਜਾਬ, 9 ਕਿਸ਼ਤਾਂ ’ਚ ਦਿੱਤਾ ਜਾਵੇਗਾ ਏਰੀਅਰ

    0
    163

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਮਈ ਦੇ ਪਹਿਲੇ ਹਫ਼ਤੇ ’ਚ ਛੇਵੇਂ ਤਨਖ਼ਾਹ ਕਮਿਸ਼ਨ ਦੇ ਚੇਅਰਮੈਨ ਜੈ ਸਿੰਘ ਗਿੱਲ ਵਲੋਂ ਦਿੱਤੀ ਗਈ ਰਿਪੋਰਟ 18 ਜੂਨ ਨੂੰ ਹੋਣ ਵਾਲੀ ਕੈਬਨਿਟ ਦੀ ਮੀਟਿੰਗ ’ਚ ਪੇਸ਼ ਹੋਵੇਗੀ। ਇਸ ਰਿਪੋਰਟ ਨੂੰ ਲੈ ਕੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਬਾਰੇ ਦੱਸਿਆ ਗਿਆ। ਕੋਰੋਨਾ ਕਾਲ ਨੂੰ ਦੇਖਦੇ ਹੋਏ ਕੈਬਨਿਟ ਮੰਤਰੀਆਂ ਦੀ ਮੀਟਿੰਗ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ। ਦੋ ਮੰਤਰੀਆਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਜੇਕਰ ਮੀਟਿੰਗ ’ਚ ਉਨ੍ਹਾਂ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਹੋਣਗੇ ਤਾਂ ਉਹ ਨਹੀਂ ਆਉਣਗੇ, ਜਿਸ ਤੋਂ ਬਾਅਦ ਮੀਟਿੰਗ ’ਚ ਸੁਰੇਸ਼ ਕੁਮਾਰ ਸ਼ਾਮਲ ਨਹੀਂ ਹੋਏ।

    ਜਾਣਕਾਰੀ ਦੇ ਮੁਤਾਬਕ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪਾਵਰ ਪੁਆਇੰਟ ਪੇਸ਼ਕਾਰੀ ਦਿੱਤੀ, ਜਿਸ ਵਿਚ ਮੰਤਰੀਆਂ ਨੂੰ ਕਿਹਾ ਗਿਆ ਕਿ ਜੇਕਰ ਏਰੀਅਰ ਇਕੱਠਾ ਦਿੱਤਾ ਜਾਂਦਾ ਹੈ ਤਾਂ 13 ਹਜ਼ਾਰ ਕਰੋੜ ਰੁਪਏ ਦਾ ਬੋਝ ਪੈ ਜਾਵੇਗਾ। ਇਸ ਲਈ ਏਰੀਅਰ ਨੌਂ ਕਿਸ਼ਤਾਂ ’ਚ ਦਿੱਤਾ ਜਾਵੇਗਾ। ਇਕ ਸਾਲ ’ਚ ਦੋ ਵਾਰੀ ਏਰੀਅਰ ਦਿੱਤਾ ਜਾਵੇਗਾ। ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਨਾਲ ਤਨਖ਼ਾਹ ਤੇ ਪੈਨਸ਼ਨ ਦਾ ਮਿਲਾ ਕੇ ਸੱਤ ਹਜ਼ਾਰ ਕਰੋੜ ਰੁਪਏ ਦਾ ਬੋਝ ਪਵੇਗਾ। ਕਮਿਸ਼ਨ ਨੇ 17 ਫ਼ੀਸਦੀ ਤਨਖ਼ਾਹ ਵਧਾਉਣ ਦੀ ਸਿਫਾਰਸ਼ ਕੀਤੀ ਹੈ। ਇਸਨੂੰ 2016 ਤੋਂ ਲਾਗੂ ਕੀਤਾ ਗਿਆ ਤਾਂ ਖਜ਼ਾਨੇ ’ਤੇ 35 ਹਜ਼ਾਰ ਕਰੋੜ ਰੁਪਏ ਦਾ ਬੋਝ ਪਵੇਗਾ ਕਿਉਂਕਿ ਸਰਕਾਰ ਪੰਜ ਫ਼ੀਸਦੀ ਅੰਤ੍ਰਿਮ ਰਾਹਤ ਪਹਿਲਾਂ ਹੀ ਦੇ ਰਹੀ ਹੈ। ਇਸ ਲਈ ਦਸ ਹਜ਼ਾਰ ਕਰੋੜ ਦਾ ਬੋਝ ਘੱਟ ਹੋ ਸਕਦਾ ਹੈ ਪਰ ਬਾਕੀ 25 ਹਜ਼ਾਰ ਕਰੋੜ ਰੁਪਏ ਕਿਵੇਂ ਅਦਾ ਕੀਤੇ ਜਾਣਗੇ, ਇਸ ਦਾ ਫ਼ੈਸਲਾ ਸਮੂਹਿਕ ਰੂਪ ਨਾਲ ਸ਼ੁੱਕਰਵਾਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ’ਚ ਕੀਤਾ ਜਾਵੇਗਾ।

    ਕਮਿਸ਼ਨ ਨੇ ਆਪਣੀ ਰਿਪੋਰਟ ’ਚ ਚੌਥੀ ਸ਼੍ਰੇਣੀ ਦੀ ਘੱਟੋ ਘੱਟ ਤਨਖ਼ਾਹ ਹੁਣ 2.59 ਗੁਣਾ ਵਧਾਉਣ ਦੀ ਸਿਫ਼ਾਰਸ਼ ਕੀਤੀ ਸੀ। ਯਾਨੀ ਹਾਲੇ ਤਕ ਜਿਹੜੀ ਘੱਟੋ ਘੱਟ ਤਨਖ਼ਾਹ 6950 ਰੁਪਏ ਸੀ, ਹੁਣ ਵੱਧ ਕੇ 18 ਹਜ਼ਾਰ ਰੁਪਏ ਹੋ ਜਾਵੇਗੀ। ਕਾਂਗਰਸ ਦੇ ਅੰਦਰੂਨੀ ਝਗੜੇ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਸਾਰੀ ਕੈਬਨਿਟ ਇਕੱਠੀ ਇਕ ਛੱਤ ਹੇਠਾਂ ਆਈ ਹੋਵੇ ਜਿਵੇਂ ਕਿ ਸ਼ੱਕ ਸੀ ਮੁੱਖ ਮੰਤਰੀ ਤੇ ਮੰਤਰੀਆਂ ਵਿਚਾਲੇ ਚੱਲ ਰਹੀ ਖਿੱਚੋਤਾਣ ਦਾ ਅਸਰ ਇਸ ਮੀਟਿੰਗ ’ਤੇ ਪੈ ਸਕਦਾ ਹੈ, ਉਸੇ ਤਰ੍ਹਾਂ ਹੋਇਆ। ਜਾਣਕਾਰੀ ਮੁਤਾਬਕ ਮਾਝੇ ਦੇ ਦੋ ਮੰਤਰੀਆਂ ਨੇ ਮੁੱਖ ਮੰਤਰੀ ਨੂੰ ਕਹਿ ਦਿੱਤਾ ਕਿ ਜੇਕਰ ਮੀਟਿੰਗ ’ਚ ਸੁਰੇਸ਼ ਕੁਮਾਰ ਹਿੱਸਾ ਲੈਣਗੇ ਤਾਂ ਉਹ ਬਾਈਕਾਟ ਕਰਨਗੇ। ਤਾਜ਼ਾ ਹਾਲਾਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਸੁਰੇਸ਼ ਕੁਮਾਰ ਨੂੰ ਮੀਟਿੰਗ ਤੋਂ ਦੂਰ ਹੀ ਰੱਖਿਆ। ਉੱਥੇ ਕਾਂਗਰਸ ਲਈ ਰਾਹਤ ਵਾਲੀ ਗੱਲ ਇਹ ਰਹੀ ਕਿ ਮੀਟਿੰਗ ’ਚ ਕੋਈ ਰੁਕਾਵਟ ਨਹੀਂ ਆਈ।

    ਇਹ ਹਨ ਸਿਫ਼ਾਰਸ਼ਾਂ –

    ਛੇਵੇਂ ਤਨਖ਼ਾਹ ਕਮਿਸ਼ਨ ਨੇ ਪੈਨਸ਼ਨ ਤੇ ਡੀਏ ’ਚ ਵੀ ਵਾਧੇ ਦੀ ਸਿਫ਼ਾਰਸ਼ ਕੀਤੀ ਹੈ ਜਦਕਿ ਫਿਕਸਡ ਮੈਡੀਕਲ ਭੱਤੇ ਤੇ ਗ੍ਰੈਚੂਟੀ ਨੂੰ ਦੁੱਗਣਾ ਕਰਨ ਦਾ ਸੁਝਾਅ ਦਿੱਤਾ ਹੈ। ਜੇਕਰ ਸਿਫ਼ਾਰਸ਼ਾਂ ਮੰਨ ਲਈਆਂ ਜਾਂਦੀਆਂ ਹਨ ਤਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਹੁਣ ਇਕ ਹਜ਼ਾਰ ਰੁਪਏ ਫਿਕਸਡ ਮੈਡੀਕਲ ਭੱਤਾ ਮਿਲੇਗਾ। ਦੇਹਾਂਤ ਹੋਣ ਜਾਂ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੀ ਗ੍ਰੈਚੂਟੀ ਨੂੰ ਦੱਸ ਲੱਖ ਤੋਂ ਵਧਾ ਕੇ 20 ਲੱਖ ਕਰਨ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ ’ਤੇ ਮੌਤ ਹੋਣ ’ਤੇ ਮਿਲਣ ਵਾਲੀ ਐਕਸਗ੍ਰੇਸ਼ੀਆ ਗਰਾਂਟ ਨੂੰ ਵੀ ਵਧਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿ ਮੌਜੂਦਾ ਕੋਰੋਨਾ ਮਹਾਂਮਾਰੀ ’ਚ ਆਪਣੀ ਡਿਊਟੀ ਕਰਦੇ ਹੋਏ ਕਈ ਸਰਕਾਰੀ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਜਾਨ ਚਲੀ ਗਈ ਹੈ। ਤਨਖ਼ਾਹ ਨੂੰ ਸਰਲ ਕਰਨ ਦੇ ਇਰਾਦੇ ਨਾਲ ਕਮਿਸ਼ਨ ਨੇ 65 ਸਾਲਾਂ ਬਾਅਦ ਹਰ ਪੰਜ ਸਾਲ ਪੂਰੇ ਹੋਣ ’ਤੇ ਬੁਢਾਪਾ ਭੱਤਾ ਵਧਾਉਣ ਦੀ ਸਿਫਾਰਸ਼ ਕੀਤੀ ਹੈ। ਰਿਟਾਇਰਮੈਂਟ ਤੋਂ ਬਾਅਦ ਸੋਧੀ ਪੈਨਸ਼ਨ ਦਾ 40 ਫ਼ੀਸਦੀ ਕਮਿਊਟ ਕਰਾਉਣ ਨੂੰ ਦੁਬਾਰਾ ਬਹਾਲ ਕਰ ਦਿੱਤਾ ਹੈ। ਹਾਊਸ ਰੈਂਟ ਨੂੰ ਪੁਰਾਣੇ ਪੈਟਰਨ ’ਤੇ ਹੀ ਰੱਖੇ ਜਾਣ ਦੀ ਸਿਫ਼ਾਰਸ਼ ਕੀਤੀ ਹੈ।

    LEAVE A REPLY

    Please enter your comment!
    Please enter your name here