ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਰਾਜਾ ਵੜਿੰਗ ਨੇ ਸਰਕਾਰੀ ਬੱਸ ‘ਚ ਕੀਤਾ ਸਫ਼ਰ

    0
    141

    ਬਠਿੰਡਾ, (ਸਿਮਰਨ) :

    ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪੀਆਰਟੀਸੀ ਦੀ ਬੱਸ ਵਿੱਚ ਸਫ਼ਰ ਕਰਕੇ ਮੁਸਾਫ਼ਿਰਾਂ ਦੀਆਂ ਮੁਸ਼ਕਿਲਾਂ ਨੂੰ ਨੇੜਿਓਂ ਦੇਖਿਆ। ਉਨ੍ਹਾਂ ਰਾਜਪੁਰਾ ਤੋਂ ਪਟਿਆਲਾ ਤੱਕ ਪੀਆਰਟੀਸੀ ਦੀ ਬੱਸ ਵਿੱਚ ਸਫ਼ਰ ਕੀਤਾ। ਇਸ ਦੌਰਾਨ ਉਨ੍ਹਾਂ ਸਫ਼ਰ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਬੱਸਾਂ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੀ ਜਾਣਕਾਰੀ ਲਈ। ਇਸ ਤੋਂ ਬਾਅਦ ਰਾਜਾ ਵੜਿੰਗ ਬਠਿੰਡਾ ਪੁੱਜੇ ਜਿੱਥੇ ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਦੀ ਅਗਵਾਈ ਹੇਠ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਫ਼ਰ ਦੌਰਾਨ ਆ ਰਹੀਆਂ ਮੁਸ਼ਕਲਾਂ ਜਾਨਣ ਲਈ ਉਨ੍ਹਾਂ ਨੇ ਪੀਆਰਟੀਸੀ ਦੀ ਬੱਸ ਵਿੱਚ ਸਫ਼ਰ ਕੀਤਾ ਅਤੇ ਇਹ ਮੁਸ਼ਕਲਾਂ ਜਲਦੀ ਦੂਰ ਕੀਤੀਆਂ ਜਾਣਗੀਆਂ।

    ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਤੇ ਇਹ ਨਿਰਦੇਸ਼ –

    • ਪੰਜਾਬ ਸੂਬੇ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਆਗਾਮੀ ਦੋ ਦਿਨਾਂ ਵਿੱਚ ਸੂਬੇ ਦੇ ਬੱਸ ਸਟੈਂਡਾਂ ਵਿੱਚੋਂ ਹਰ ਤਰ੍ਹਾਂ ਦੇ ਨਾਜਾਇਜ਼ ਕਬਜ਼ੇ ਨੂੰ ਹਟਾ ਦੇਣ।
    • ਪੰਜਾਬ ਭਵਨ ਵਿਖੇ ਸੂਬਾ ਪੱਧਰੀ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਟਰਾਂਸਪਰੋਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬੱਸ ਸਟੈਂਡਾਂ ਵਿੱਚ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨਾ ਸਿਰਫ਼ ਬੱਸਾਂ ਦੇ ਚੱਲਣ ਵਿੱਚ ਅੜਿਕਾ ਬਣ ਰਹੇ ਹਨ, ਨਾਲ ਹੀ ਨਾਜਾਇਜ਼ ਤੌਰ ‘ਤੇ ਕਾਰੋਬਾਰੀ ਗਤੀਵਿਧੀਆਂ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਵੀ ਲੱਗਾ ਰਹੇ ਹਨ।
    • ਪੰਜਾਬ ਸੂਬੇ ਦੇ ਸਾਰੇ ਡਿੱਪੂਆਂ ਦੇ ਜਨਰਲ ਮੈਨੇਜਰਾਂ (ਜੀ.ਐਮ.) ਅਤੇ ਆਰ.ਟੀ.ਏ. ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰੱਲ ਕੇ ਵਿਭਾਗ ਦੀ ਆਮਦਨ ਨੂੰ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ। ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਵਿਭਾਗ ਨਾਲ ਧੋਖਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।
    • ਉਹਨਾਂ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੀਤੇ ਲੰਬੇ ਸਮੇਂ ਤੋਂ ਜਿਹਨਾਂ ਟਰਾਂਸਪੋਟਰਾਂ ਵੱਲੋਂ ਬਕਾਇਆ ਟੈਕਸਾਂ ਦੀ ਅਦਾਇਗੀ ਨਹੀਂ ਕੀਤੀ ਗਈ, ਉਹਨਾਂ ਤੋਂ ਵੀ ਟੈਕਸ ਉਗਰਾਹੀ ਨੂੰ ਤੇਜ਼ ਕੀਤਾ ਜਾਵੇ ਅਤੇ ਟੈਕਸ ਦੇਣ ਤੋਂ ਆਨਾ-ਕਾਨੀ ਕਰਨ ਵਾਲੇ ਟਰਾਂਸਪੋਟਰਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

    • ਇਸ ਮੌਕੇ ਵੜਿੰਗ ਨੇ ਇਹ ਵੀ ਕਿਹਾ ਕਿ ਟਰਾਂਸਪੋਰਟ ਵਿਭਾਗ ਦੇ ਕੰਡਕਟਰ ਤੋਂ ਲੈ ਕੇ ਉੱਚ ਅਧਿਕਾਰੀ ਤੱਕ ਆਪਣੀ ਡਿਊਟੀ ਬਿਨਾਂ ਕਿਸੇ ਡਰ ਭੈਅ ਤੋਂ ਕਰਨ ਕਿਉਂਕਿ ਸੂਬੇ ਵਿੱਚ ਬੱਸ ਸੇਵਾ ਸਥਾਪਤ ਨਿਯਮਾਂ ਅਨੁਸਾਰ ਹੀ ਚਲਾਈ ਜਾਵੇਗੀ। ਇਸ ਮੌਕੇ ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਵਿੱਚ ਚਲ ਰਹੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੀ ਚੈਕਿੰਗ ਵਿੱਚ ਵੀ ਤੇਜ਼ੀ ਲਿਆਂਦੀ ਜਾਵੇ।
    • ਉਹਨਾਂ ਸੂਬੇ ਦੇ ਬੱਸ ਅੱਡਿਆਂ ਅਤੇ ਬੱਸਾਂ ਦੀ ਸਾਫ਼- ਸਫ਼ਾਈ ਨੂੰ ਯਕੀਨੀ ਬਣਾਉਣ ਲਈ ਹਰੇਕ ਡਿੱਪੂ ਦੇ ਜੀ.ਐਮ. ਦੀ ਜਿੰਮੇਵਾਰੀ ਤੈਅ ਕਰਦਿਆਂ ਕਿਹਾ ਕਿ ਬੱਸਾਂ ਅਤੇ ਬੱਸ ਅੱਡਿਆਂ ਦੀ ਸਾਫ਼- ਸਫ਼ਾਈ ਵਿਭਾਗ ਦਾ ਸਥਾਈ ਫੀਚਰ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਜ਼ਿਲ੍ਹਾ ਡਿੱਪੂਆਂ ਵਿੱਚ ਪਏ ਕਬਾੜ ਨੂੰ ਵੀ ਅਗਲੇ ਪੰਦਰਾਂ ਦਿਨਾਂ ਵਿੱਚ ਨੀਲਾਮ ਕਰਨ ਦੇ ਹੁਕਮ ਦਿੱਤੇ ਹਨ।
    • ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਭਾਗ ਦੇ ਕੇ.ਸਿਵਾ ਪ੍ਰਸਾਦ, ਆਈ.ਏ.ਐਸ, ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ, ਡਾ. ਅਮਰਪਾਲ ਸਿੰਘ, ਆਈ.ਏ.ਐਸ., ਸਟੇਟ ਟਰਾਂਸਪੋਰਟ ਕਮਿਸ਼ਨਰ, ਭੁਪਿੰਦਰ ਸਿੰਘ ਰਾਏ, ਆਈ.ਏ.ਐਸ. ਡਾਇਰੈਕਟਰ ਸਟੇਟ ਟਰਾਂਸਪੋਰਟ, ਡਾ. ਭੁਪਿੰਦਰ ਪਾਲ ਸਿੰਘ, ਆਈ.ਏ.ਐਸ., ਐਮ.ਡੀ. ਪੀ.ਆਰ.ਟੀ.ਸੀ. ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

     

     

    LEAVE A REPLY

    Please enter your comment!
    Please enter your name here