ਜੈਤੋ ਦੇ ਇਤਿਹਾਸਕ ਗੁਰਦੁਆਰਾ ਸਾਹਿਬ ’ਚੋਂ ਇਤਰਾਜ਼ਯੋਗ ਸਾਮਾਨ ਬਰਾਮਦ, ਸੰਗਤਾਂ ‘ਚ ਗੁੱਸਾ

    0
    143

    ਫ਼ਰੀਦਕੋਟ, ਜਨਗਾਥਾ ਟਾਇਮਜ਼: (ਰੁਪਿੰਦਰ)

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸਾਹਿਬ ਗੰਗਸਰ ਜੈਤੋ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਧੀਨ ਕੰਮ ਕਰਦੇ ਕਲਰਕ ਅਤੇ ਸੇਵਾਦਾਰਾਂ ਵੱਲੋਂ ਗ਼ੈਰ ਔਰਤਾਂ ਨਾਲ ਗ਼ਲਤ ਕੰਮ, ਸ਼ਰਾਬ ਅਤੇ ਮੀਟ ਦੀ ਵਰਤੋਂ ਕਰਨ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੰਗਤ ਦਾ ਗੁੱਸਾ ਆਸਮਾਨੀ ਚੜ੍ਹ ਗਿਆ।

    ਮੌਕੇ ’ਤੇ ਪੁੱਜੀ ਪੁਲਿਸ ਪਾਰਟੀ ਸਮੇਤ ਸ਼੍ਰੋਮਣੀ ਕਮੇਟੀ ਦੀ ਅੰਮ੍ਰਿਤਸਰ ਤੋਂ ਆਈ ਫਲਾਇੰਗ ਸਕੁਐਡ ਦੀ ਟੀਮ ਨੂੰ ਮੌਕਾ ਸੰਭਾਲਣਾ ਔਖਾ ਹੋ ਗਿਆ, ਕਿਉਂਕਿ ਪੁਲਿਸ ਵਲੋਂ ਸ਼੍ਰੋਮਣੀ ਕਮੇਟੀ ਦੇ ਸਬੰਧਤ ਤਿੰਨ ਮੁਲਾਜ਼ਮਾਂ ਖਿਲਾਫ਼ ਪਰਚਾ ਦਰਜ ਕਰਨ ਅਤੇ ਸ਼੍ਰੋਮਣੀ ਕਮੇਟੀ ਦੀ ਟੀਮ ਵਲੋਂ ਉਨ੍ਹਾਂ ਨੂੰ ਸਸਪੈਂਡ ਕਰਨ ਵਾਲੀ ਸ਼ਰਤ ’ਤੇ ਸੰਗਤਾਂ ਸਹਿਮਤ ਨਹੀਂ ਸਨ।

    ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੰਗਤਾਂ ਦੀ ਹਾਜ਼ਰੀ ਵਿੱਚ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਲਰਾਜ ਸਿੰਘ ਨੇ ਦੱਸਿਆ ਕਿ ਬੀਤੀ 7 ਜੂਨ ਨੂੰ ਗੁਰਦੁਆਰਾ ਸਾਹਿਬ ਦੇ ਕਲਰਕ ਸੁਖਮੰਦਰ ਸਿੰਘ, ਸੇਵਾਦਾਰ ਗੁਰਬਾਜ ਸਿੰਘ ਵਾਸੀਆਨ ਪਿੰਡ ਕਰੀਰਵਾਲੀ ਅਤੇ ਸੇਵਾਦਾਰ ਲਖਵੀਰ ਸਿੰਘ ਵਾਸੀ ਜੈਤੋ ਗੈਰ ਔਰਤਾਂ ਲੈ ਕੇ ਆਏ ਤਾਂ ਉਸਨੇ ਗੁਰਦੁਆਰਾ ਸਾਹਿਬ ਦੇ ਬਾਕੀ ਸੇਵਾਦਾਰਾਂ ਨੂੰ ਸੂਚਿਤ ਕਰਨ ਤੋਂ ਬਾਅਦ ਸਾਰਾ ਮਾਮਲਾ ਮੈਨੇਜਰ ਕੁਲਵਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ।

    ਮੈਨੇਜਰ ਨੇ ਬਾਹਰੋਂ ਜਿੰਦਰੇ ਮਾਰਨ ਦਾ ਕਹਿ ਕੇ ਆਖਿਆ ਕਿ ਉਹ ਅੱਜ ਬਾਹਰ ਹੈ। ਸ਼ਿਕਾਇਤ ਕਰਤਾ ਮੁਤਾਬਕ ਗੁਰਦੁਆਰਾ ਸਾਹਿਬ ਦੇ ਕਲਗੀਧਰ ਨਿਵਾਸ ਵਿੱਚ ਉਕਤ ਕਲਰਕ ਅਤੇ ਸੇਵਾਦਾਰ ਅਕਸਰ ਗ਼ੈਰ ਔਰਤਾਂ ਲਿਆ ਕੇ ਗ਼ਲਤ ਕੰਮ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਅੱਜ ਜਦੋਂ ਸੰਗਤਾਂ ਨੇ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਪੁਲਿਸ ਵੱਲੋਂ ਸੰਗਤ ਦੀ ਹਾਜ਼ਰੀ ਵਿੱਚ ਕਲਗੀਧਰ ਨਿਵਾਸ ਸਥਾਨ ਦੇ ਨਾਲ ਲੱਗਦੇ ਇਤਿਹਾਸਕ ਖੂਹ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਭਾਰੀ ਗਿਣਤੀ ਵਿੱਚ ਵਰਤੇ ਅਤੇ ਅਣਵਰਤੇ ਕੰਡੋਮ ਅਤੇ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ, ਮੀਟ ਦੇ ਲਿਫਾਫੇ ਅਤੇ ਜਾਨਵਰ ਦੀਆਂ ਹੱਡੀਆਂ ਬਰਾਮਦ ਹੋਈਆਂ। ਸੰਗਤ ਨੂੰ ਸ਼ਾਂਤ ਕਰਨ ਲਈ ਇੰਸਪੈਕਟਰ ਰਾਜੇਸ਼ ਕੁਮਾਰ ਥਾਣਾ ਮੁਖੀ ਦੀ ਅਗਵਾਈ ਵਾਲੀ ਟੀਮ ਜਦੋਂ ਕਾਮਯਾਬ ਨਾ ਹੋਈ ਤਾਂ ਮੌਕੇ ’ਤੇ ਕੁਲਦੀਪ ਸਿੰਘ ਸੋਹੀ ਐੱਸਪੀ ਫ਼ਰੀਦਕੋਟ ਦੀ ਅਗਵਾਈ ਵਾਲੀ ਪੁਲਿਸ ਨੇ ਗੱਲਬਾਤ ਸ਼ੁਰੂ ਕੀਤੀ। ਅੰਮ੍ਰਿਤਸਰ ਤੋਂ ਪੁੱਜੇ ਫਲਾਇੰਗ ਸਕੁਐਡ ਦੇ ਅਫ਼ਸਰ ਸਤਨਾਮ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਵੀ ਸੰਗਤ ਨੇ ਕਮਰੇ ਵਿੱਚ ਬੰਦ ਕਰਕੇ ਬਾਹਰੋਂ ਜਿੰਦਰਾ ਮਾਰ ਲਿਆ।

    ਖ਼ਬਰ ਲਿਖੇ ਜਾਣ ਤਕ ਸੰਗਤਾਂ ਗੁਰਦੁਆਰਾ ਸਾਹਿਬ ਦੇ ਅੰਦਰ ਧਰਨੇ ’ਤੇ ਬੈਠੀਆਂ ਸਨ, ਉਨ੍ਹਾਂ ਦੀ ਮੰਗ ਸੀ ਕਿ ਦੋਸ਼ੀਆਂ ਨੂੰ ਨੌਕਰੀ ਤੋਂ ਡਿਸਮਿਸ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਤੁਰੰਤ ਗ੍ਰਿਫ਼ਤਾਰੀ ਕੀਤੀ ਜਾਵੇ।

     

    LEAVE A REPLY

    Please enter your comment!
    Please enter your name here