ਖੇਤੀ ਕਾਨੂੰਨਾਂ ਖ਼ਿਲਾਫ਼ ਜਲੰਧਰ ਵਿਖੇ ਕਿਸਾਨਾਂ ਵੱਲੋਂ ਵੱਖ-ਵੱਖ ਹਾਈਵੇਜ਼ ਉੱਤੇ ਚੱਕਾ ਜਾਮ

    0
    150

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਅੱਜ 73ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਕਿਸਾਨ ਜੱਥੇਬੰਦੀਆਂ ਨੇ ਅੱਜ ਪੂਰੇ ਦੇਸ਼ ‘ਚ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਅਜਿਹੀ ਸਥਿਤੀ ਵਿੱਚ ਚੱਕਾ ਜਾਮ ਦਾ ਅਸਰ ਸਭ ਤੋਂ ਵੱਧ ਰਾਸ਼ਟਰੀ ਰਾਜਧਾਨੀ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧ ਵਿੱਚ ਦਿੱਲੀ ਪੁਲਿਸ, ਪ੍ਰਸ਼ਾਸਨ ਅਤੇ ਸਰਕਾਰ ਅਲਰਟ ‘ਤੇ ਹੈ।

    ਇਸ ਦੌਰਾਨ ਜਲੰਧਰ ਵਿਖੇ ਵੀ ਵੱਖ -ਵੱਖ ਹਾਈਵੇਜ਼ ਉੱਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਜਲੰਧਰ-ਬਰਨਾਲਾ ਹਾਈਵੇ, ਦਿੱਲੀ-ਜੰਮੂ ਹਾਈਵੇ, ਜਲੰਧਰ-ਅਮ੍ਰਿਤਸਰ ਹਾਈਵੇ, ਸਮੇਤ ਸਾਰੇ ਮਾਰਗਾਂ ਉੱਤੇ ਕਿਸਾਨ ਜੱਥੇਬੰਦੀਆਂ ਡਟ ਗਈਆਂ ਹਨ ਅਤੇਚੱਕਾ ਜਾਮ ਕਰ ਦਿਤਾ ਗਿਆ ਹੈ। ਦੇਸ਼ ਭਰ ਦੇ ਰਾਸ਼ਟਰੀ ਅਤੇ ਰਾਜਾਂ ਦੇ ਰਾਜ ਮਾਰਗਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਜਾਮ ਕੀਤਾ ਜਾਵੇਗਾ। ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਜਿਵੇਂ ਐਂਬੂਲੈਂਸ, ਸਕੂਲ ਬੱਸ ਆਦਿ ਰੋਕਿਆਂ ਨਹੀਂ ਜਾਣਗੀਆਂ। ਚੱਕਾ ਜਾਮ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਅਹਿੰਸਕ ਰਹੇਗਾ।

    ਕਿਸਾਨ ਆਗੂਆਂ ਵੱਲੋਂ ਦਿੱਲੀ-ਐੱਨ.ਸੀ.ਆਰ. ਵਿਚ ਚੱਕਾ ਜਾਮ ਨਾ ਕਰਨ ਦੀ ਗੱਲ ਆਖੀ ਗਈ ਹੈ ਪਰ ਫਿਰ ਵੀ ਦਿੱਲੀ ਪੁਲਿਸ ਅਲਰਟ ‘ਤੇ ਹੈ। 26 ਜਨਵਰੀ ਦੇ ਦਿਨ ਹੋਈ ਹਿੰਸਾ ਤੋਂ ਸਬਕ ਲੈ ਕੇ ਪੁਲਿਸ ਇਸ ਵਾਰ ਕੋਈ ਵੀ ਢਿੱਲ ਨਹੀਂ ਵਰਤੇਗੀ। ਦਿੱਲੀ ਪੁਲਸ ਨੇ ਗੁਆਂਢੀ ਸੂਬਿਆਂ ਨਾਲ ਲੱਗਣ ਵਾਲੀਆਂ ਸਰਹੱਦਾਂ ਦੀ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਹੈ। ਟਿਕਰੀ, ਸਿੰਘੂ ਅਤੇ ਗਾਜ਼ੀਪੁਰ ਸਰਹੱਦ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਦਿੱਲੀ ਦੇ ਅੰਦਰ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

    ਇਸ ਦੌਰਾਨ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਅਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ,ਇਸ ਕਾਰਨ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐੱਮ.ਆਰ.ਸੀ.) ਨੇ ਕਈ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਹਨ। 10 ਮੈਟਰੋ ਸਟੇਸ਼ਨਾਂ ਦੇ ਆਉਣ-ਜਾਣ ਵਾਲੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਮੈਟਰੋ ਸਟੇਸ਼ਨਾਂ ਵਿਚ ਲਾਲ ਕਿਲ੍ਹਾ ਮੈਟਰੋ ਸਟੇਸ਼ਨ, ਜਾਮਾ ਮਸਜਿਦ, ਜਨਪਥ, ਕੇਂਦਰੀ ਸਕੱਤਰੇਤ, ਯੂਨੀਵਰਸਿਟੀ, ਮੰਡੀ ਹਾਊਸ, ਆਈ.ਟੀ.ਓ, ਦਿੱਲੀ ਗੇਟ ਸਟੇਸ਼ਨਾਂ ਦੇ ਗੇਟ ਬੰਦ ਕਰ ਦਿੱਤੇ ਗਏ ਹਨ।

    LEAVE A REPLY

    Please enter your comment!
    Please enter your name here