‘ਇਕ ਕਦਮ ਅੱਗੇ, ਦੋ ਕਦਮ ਪਿੱਛੇ’ ਦੀ ਨੀਤੀ ‘ਤੇ ਚੱਲਣ ਲੱਗੀ ‘ਆਪ’

    0
    151

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਹੋਂਦ ਵਿਚ ਆਉਣ ਤੋਂ ਲੈ ਕੇ ਹੁਣ ਤਕ ਪੰਜਾਬ ਵਿਚ ਆਮ ਆਦਮੀ ਪਾਰਟੀ ਹਮੇਸ਼ਾ ਇਕ ਕਦਮ ਅੱਗੇ ਤੇ ਦੋ ਕਦਮ ਪਿੱਛੇ ਵਾਲੀ ਨੀਤੀ ‘ਤੇ ਚੱਲਦੀ ਆਈ ਹੈ। 2015 ਤੋਂ ਜਿਹੜੀ ਪਰੰਪਰਾ ਚੱਲੀ ਸੀ ਉਹ 2021 ਤਕ ਜਾਰੀ ਹੈ। ‘ਆਪ’ 2022 ਵਿਚ ਭਾਵੇਂ ਇੱਕੋ ਵਾਰ ਫੇਰ ਮਜ਼ਬੂਤ ਦਾਅਵੇਦਾਰੀ ਤਾਂ ਠੋਕ ਰਹੀ ਹੈ ਪਰ ‘ਆਪ’ ਦਾ ਪੂਰੇ ਪੰਜਾਬ ਵਿਚ ਕਦੇ ਵੀ ਮਜ਼ਬੂਤ ਆਧਾਰ ਨਹੀਂ ਰਿਹਾ। ਸੂਬੇ ਦੇ ਦੋ ਹਿੱਸਿਆਂ ਮਾਝਾ ਤੇ ਦੋਆਬਾ ਦੀਆਂ 48 ਸੀਟਾਂ ਵਿੱਚੋਂ 2017 ਵਿਚ ਸਿਰਫ਼ ਦੋ ਵਿਧਾਨ ਸਭਾ ਸੀਟਾਂ ‘ਤੇ ਹੀ ‘ਆਪ’ ਕਾਮਯਾਬ ਹੋਈ ਸੀ। ਉਥੇ 2014 ਦੀਆਂ ਲੋਕ ਸਭਾ ਚੋਣਾਂ ਵਿਚ 24.40 ਫ਼ੀਸਦ ਵੋਟ ਹਿੱਸੇ ਵਾਲੀ ‘ਆਪ’ 2019 ਵਿਚ ਸਿਰਫ਼ 7.34 ਫ਼ੀਸਦ ਵੋਟਾਂ ਲੈ ਸਕੀ।

    ‘ਆਪ’ ਦੇ ਤਿੰਨ ਵਿਧਾਇਕਾਂ ਵੱਲੋਂ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰਨ ਮਗਰੋਂ ‘ਆਪ’ ਇਕ ਵਾਰ ਫੇਰ ਚਰਚਾ ਵਿਚ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿਚ ਜਦੋਂ ‘ਆਪ’ ਪੂਰੇ ਮੁਲਕ ਵਿਚ ਨਾਕਾਮਯਾਬ ਰਹੀ ਸੀ ਤਾਂ ਪੰਜਾਬ ਵਿਚ 4 ਸੀਟਾਂ ‘ਤੇ ਉਸ ਨੂੰ ਜਿੱਤ ਮਿਲੀ ਸੀ। ਇਹ ਚਾਰੇ ਲੋਕ ਸਭਾ ਸੀਟਾਂ ਮਾਲਵੇ ਖਿੱਤੇ ਦੀਆਂ ਸਨ। ‘ਆਪ’ ਦੀ ਇਹ ਜਿੱਤ ਜਲਦੀ ਹੀ ਕਾਫੂਰ ਬਣ ਕੇ ਹਵਾ ਵਿਚ ਲੀਨ ਹੋ ਗਈ ਕਿਉਂਕਿ ਦੋ ਐੱਮਪੀਜ਼ ਨੇ ਪਾਰਟੀ ਲੀਡਰਸ਼ਿਪ ‘ਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਸਨ। ਇਸ ਮਗਰੋਂ ‘ਆਪ’ ਨੇ 2015 ਵਿਚ ਆਪਣੇ ਦੋ ਐੱਮਪੀਜ਼ ਪਟਿਆਲਾ ਤੋਂ ਧਰਮਵੀਰ ਗਾਂਧੀ, ਜਿਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਉਸ ਸਮੇਂ ਦੀ ਕੇਂਦਰੀ ਰਾਜ ਮੰਤਰੀ ਪਰਨੀਤ ਕੌਰ ਨੂੰ ਹਰਾਇਆ ਸੀ ਤੇ ਫ਼ਤਹਿਗੜ੍ਹ ਸਾਹਿਬ ਦੇ ਹਰਿੰਦਰ ਸਿੰਘ ਖ਼ਾਲਸਾ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਸੀ।

    ਫੇਰ ਪਾਰਟੀ ਨੇ ਮੁੜ ਕੇ ਇਨ੍ਹਾਂ ਨੂੰ ਨਾਲ ਜੋੜਣ ਦੀ ਕੋਸ਼ਿਸ਼ ਨਹੀਂ ਕੀਤੀ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਆਪਣੀ ਸਿਖਰ ‘ਤੇ ਸੀ। ‘ਆਪ’ 108 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਸੀ ਜਦਕਿ ਚੋਣ ਨਤੀਜੇ ਹੈਰਾਨਕੁਨ ਸਨ। 2014 ਦੀਆਂ ਚੋਣਾਂ ਵਿਚ 24.40 ਫ਼ੀਸਦ ਵੋਟਾਂ ਲੈਣ ਵਾਲੀ ‘ਆਪ’ 23.7 ਫ਼ੀਸਦ ‘ਤੇ ਰਹੀ ਸੀ।

    ‘ਆਪ’ ਦੇ 20 ਵਿਧਾਇਕ ਜਿੱਤ ਕੇ ਆਏ। ਅਹਿਮ ਪਹਿਲੂ ਇਹ ਰਿਹਾ ਕਿ ਇਨ੍ਹਾਂ ਵਿੱਚੋਂ ਸੁਖਪਾਲ ਖਹਿਰਾ ਨੂੰ ਛੱਡ ਕੇ ਬਾਕੀ ਸਾਰੇ (19) ਵਿਧਾਇਕ ਪਹਿਲੀ ਵਾਰ ਚੋਣ ਲੜੇ ਸਨ। ਉਥੇ 18 ਵਿਧਾਇਕ ਮਾਲਵਾ ਖਿੱਤੇ ਵਿੱਚੋਂ ਸਨ। ਦੋਆਬੇ ਤੋਂ ਖਹਿਰਾ ਅਤੇ ਜੈਕਿਸ਼ਨ ਸਿੰਘ ਰੋੜੀ (ਗੜ੍ਹਸ਼ੰਕਰ) ਤੋਂ ਜਿੱਤੇ ਸਨ। ਦੋਆਬੇ ਤੇ ਮਾਝੇ ਦੀਆਂ 48 ਵਿੱਚੋਂ 46 ਸੀਟਾਂ ‘ਤੇ ‘ਆਪ’ ਕੋਈ ਖ਼ਾਸ ਕਾਰਗੁਜ਼ਾਰੀ ਨਾ ਵਿਖਾ ਸਕੀ ਸੀ। ‘ਆਪ’ ਦੀ ਸ਼ੁਰੂਆਤ ਵਿਧਾਨ ਸਭਾ ਵਿਚ ਵੀ ਚੰਗੀ ਨਹੀਂ ਰਹੀ। ਇਕ ਸਾਲ ਬਾਅਦ ਹੀ ਵਿਰੋਧੀ ਧਿਰ ਦੇ ਆਗੂ ਐੱਚਐੱਸ ਫੂਲਕਾ ਨੇ ਆਪਣੇ ਅਹੁਦੇ ਤੇ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤੀ। ਇਸ ਮਗਰੋਂ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ।

    ‘ਆਪ’ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਦਲ ਦੇ ਵਿਧਾਇਕ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗਣ ਮਗਰੋਂ ਪਾਰਟੀ ਵਿਚ ਤੂਫ਼ਾਨ ਆ ਗਿਆ ਸੀ। ਖਹਿਰਾ ਸਮੇਤ ਪੰਜ ਵਿਧਾਇਕ ਵੱਖ ਹੋ ਗਏ ਸਨ। ਇਸ ਮਗਰੋਂ ਪਾਰਟੀ ਨੇ ਖਹਿਰਾ ਤੇ ਕੰਵਰ ਸੰਧੂ ਮੁਅੱਤਲ ਕਰ ਦਿੱਤੇ ਸਨ। ਇਸ ਦੌਰਾਨ ਮਾਨਸਾ ਤੋਂ ਨਾਜਰ ਮਾਨਸ਼ਾਹੀਆ ਵੀ ਕਾਂਗਰਸ ਵਿਚ ਸ਼ਾਮਲ ਹੋਏ ਪਰ ਅਧਿਕਾਰਤ ਤੌਰ ‘ਤੇ ਨਹੀਂ। 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਅਮਰਜੀਤ ਸਿੰਘ ਸੰਦੋਆ ਕਾਂਗਰਸ ਵਿਚ ਚਲੇ ਗਏ ਸਨ।

    ਹਾਲਾਂਕਿ ਪਿਛਲੇ ਦਿਨੀਂ ਉਹ ਮੁੜ ‘ਆਪ’ ਨਾਲ ਜੁੜ ਗਏ ਸਨ। 2017 ਵਿਚ 20 ਵਿਧਾਇਕਾਂ ਤੋਂ ਸ਼ੁਰੂਆਤ ਕਰਨ ਵਾਲੀ ‘ਆਪ’ ਮਹਿਜ਼ 15 ਵਿਧਾਇਕਾਂ ਤਕ ਸੀਮਤ ਹੋ ਗਈ ਹੈ ਜਦਕਿ 2014 ਵਿਚ 4 ਐੱਮਪੀਜ਼ ਵਾਲੀ ‘ਆਪ’ ਦਾ ਪੰਜਾਬ ਵਿਚ ਹੁਣ ਸਿਰਫ਼ ਇਕ ਐੱਮਪੀ ਹੈ। 2019 ਵਿਚ ‘ਆਪ’ ਦਾ ਵੋਟ ਹਿੱਸਾ ਮਸਾਂ 7.37 ਫ਼ੀਸਦ ਰਿਹਾ।

    LEAVE A REPLY

    Please enter your comment!
    Please enter your name here