ਆਖ਼ਿਰ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ 15 ਪੰਜਾਬੀ ਨੌਜਵਾਨ ਕਿੱਥੇ ਗਏ ?

    0
    132

    ਜਨਗਾਥਾ ਟਾਇਮਜ਼, (ਸਿਮਰਨ)

    ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਪੰਜਾਬ ਨਾਲ ਸਬੰਧਤ 15 ਨੌਜਵਾਨ ਲਾਪਤਾ ਹੋ ਗਏ ਹਨ। ਇਹ ਨੌਜਵਾਨ ਅਮਰੀਕਾ ਦੀ ਮੈਕਸਿਕੋ ਤੇ ਬਹਾਮਾਸ ਨਾਲ ਲੱਗਦੀ ਦੱਖਣੀ ਸਰਹੱਦ ਤੋਂ ਇਸ ਮੁਲਕ ਵਿਚ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ 56 ਨੌਜਵਾਨ ਦਾ ਇਕ ਸਮੂਹ, ਜਿਸ ਵਿੱਚ 15 ਪੰਜਾਬੀ ਸਨ, ਅਮਰੀਕੀ ਸਰਹੱਦ ਤੋਂ ਮਹਿਜ਼ ਇਕ ਘੰਟੇ ਦੀ ਦੂਰੀ ’ਤੇ ਸਨ ਜਦੋਂ ਮੈਕਸੀਕਨ ਫੌਜ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਨਾਪਾ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਦਾ ਕਹਿਣਾ ਹੈ ਕਿ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੇ ਉਨ੍ਹਾਂ ਨਾਲ ਰਾਬਤਾ ਕੀਤਾ ਸੀ।

    ਚਾਹਲ ਨੇ ਦੱਸਿਆ ਕਿ ਇਨ੍ਹਾਂ ‘ਚੋਂ 6 ਨੌਜਵਾਨ ਬਹਾਮਸ ਦੀਪ-ਅਮਰੀਕੀ ਸਰਹੱਦ ਪਾਰ ਕਰਦਿਆਂ ਲਾਪਤਾ ਹੋਏ ਅਤੇ 9 ਹੋਰ ਮੈਕਸੀਕੋ-ਅਮਰੀਕਾ ਸਰਹੱਦ ਪਾਰ ਕਰਦਿਆਂ ਗੁਆਚ ਗਏ। ਇਨ੍ਹਾਂ ਲਾਪਤਾ ਹੋਏ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਨਾਪਾ ਨੂੰ ਦੱਸਿਆ ਕਿ 56 ਜਣਿਆਂ ਦਾ ਗਰੁੱਪ, ਜਿਸ ‘ਚ ਜ਼ਿਆਦਾਤਾਰ ਪੰਜਾਬ ਤੋਂ ਸਨ, ਜਦ ਅਮਰੀਕੀ ਸਰਹੱਦ ਤੋਂ ਮਹਿਜ਼ ਇਕ ਘੰਟੇ ਦੇ ਦੂਰੀ ‘ਤੇ ਸੀ ਤਾਂ ਮੈਕਸੀਕੋ ਦੀ ਸੈਨਾ ਨੇ ਉਨ੍ਹਾਂ ਨੂੰ ਰੋਕਿਆ।

    ਚਾਹਲ ਨੇ ਦੱਸਿਆ ਕਿ ਉਨ੍ਹਾਂ ਨੇ 6 ਪੰਜਾਬੀ ਨੌਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ, ਜਿਨ੍ਹਾਂ ਨੂੰ ਬਾਅਦ ‘ਚ ਛੱਡ ਦਿੱਤਾ ਗਿਆ ਅਤੇ ਉਹ ਅਮਰੀਕਾ ਪੁੱਜ ਗਏ ਪਰ 11 ਨੌਜਵਾਨਾਂ ਨੂੰ ਉਹ ਨਾਲ ਲੈ ਗਏ ਅਤੇ ਉਹ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਪਣੇ ਪਰਿਵਾਰਾਂ ਨਾਲ ਗੱਲ ਕਰਨ ‘ਤੇ ਨੌਜਵਾਨਾਂ ਨੇ ਕਿਹਾ ਸੀ ਕਿ ਉਹ ਨਿਕਾਰਾਗੁਆ ‘ਚ ਸੁਰੱਖਿਅਤ ਉਤਰ ਗਏ ਹਨ ਅਤੇ ਉਹ ਗੁਆਟੇਮਾਲਾ ਤੋਂ ਮੈਕਸੀਕੋ ਸੜਕ ਰਾਹੀਂ ਜਾਣਗੇ।

    ਰਸਤੇ ‘ਚ ਉਨ੍ਹਾਂ ਤਿੰਨ ਵਾਰ ਫੋਨ ਕੀਤਾ ਅਤੇ ਬਾਅਦ ‘ਚ ਕਿਹਾ ਕਿ ਉਹ ਮੈਕਸੀਕੋ ਸੁਰੱਖਿਅਤ ਪੁੱਜ ਗਏ ਹਨ ਅਤੇ ਇਸ ਤੋਂ ਬਾਅਦ ਉਨ੍ਹਾਂ ਦਾ ਆਪਣੇ ਪੰਜਾਬ ਵਿਚਲੇ ਪਰਿਵਾਰਾਂ ਨਾਲ ਕੋਈ ਸੰਪਰਕ ਨਹੀਂ ਹੋਇਆ। ਸੂਤਰਾਂ ਮੁਤਾਬਕ ਦਿੱਲੀ ਦੇ ਇਕ ਏਜੰਟ ਨੇ ਹਰੇਕ ਨੌਜਵਾਨ ਨੂੰ ਅਮਰੀਕਾ ਭੇਜਣ ਦੇ ਲਈ ਉਨ੍ਹਾਂ ਦੇ ਪਰਿਵਾਰਾਂ ਤੋਂ ਸਾਢੇ 19 ਲੱਖ ਰੁਪਏ ਲਏ ਹਨ। ਮੈਕਸੀਕੋ ਪੁੱਜਣ ਦੇ ਬਾਅਦ ਪਰਿਵਾਰਾਂ ਦੀ ਆਪਣੇ ਬੱਚਿਆਂ ਨਾਲ ਕਦੇ ਗੱਲ ਨਹੀਂ ਹੋਈ। ਚਾਹਲ ਨੇ ਦੋਸ਼ ਲਗਾਇਆ ਕਿ ਏਜੰਟਾਂ ਨੇ ਉਨ੍ਹਾਂ ਤੋਂ ਇਸ ਬਹਾਨੇ ਨਾਲ ਸਾਰੇ ਪੈਸੇ ਲੈ ਲਏ ਕਿ ਟੈਕਸਾਸ ਅਤੇ ਫਲੋਰਿਡਾ ਦੇ ਹਿਰਾਸਤੀ ਕੇਂਦਰਾਂ ‘ਚ ਇਹ ਵਾਪਸ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਲਾਪਤਾ ਹੋਏ ਲੜਕਿਆਂ ਨੇ ਮੈਕਸੀਕੋ ਉਤਰਨਾ ਸੀ ਪਰ ਉਨ੍ਹਾਂ ਨੂੰ ਨਿਕਾਰਾਗੁਆ ‘ਚ ਉਤਾਰਿਆ ਗਿਆ।

    LEAVE A REPLY

    Please enter your comment!
    Please enter your name here