ਆਖਰ ਮੌਨਸੂਨ ਨੇ ਫੜਿਆ ਜ਼ੋਰ, ਬਾਰਸ਼ ਦੀਆਂ ਲੱਗਣਗੀਆਂ ਛਹਿਬਰਾਂ

    0
    134

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਆਖਰ ਮੌਨਸੂਨ ਨੇ ਜ਼ੋਰ ਫੜ ਲਿਆ ਹੈ। ਇਸ ਵਾਰ ਦੱਖਣੀ-ਪੱਛਮੀ ਮੌਨਸੂਨ ਨੇ ਕੁੱਝ ਦੇਰੀ ਨਾਲ ਵੀਰਵਾਰ ਨੂੰ ਕੇਰਲਾ ਵਿੱਚ ਦਸਤਕ ਦੇ ਦਿੱਤੀ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਬਾਰਸ਼ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਗਲੇ ਕੁੱਝ ਦਿਨ ਦੇਸ਼ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਬੇਸ਼ੱਕ ਉੱਤਰੀ ਭਾਰਤ ਵਿੱਚ ਮੌਨਸੂਨ ਆਉਣ ਵਿੱਚ ਅਜੇ ਸਮਾਂ ਲੱਗੇਗਾ ਪਰ ਅਗਲੇ ਦਿਨਾਂ ਵਿੱਚ ਪ੍ਰੀ-ਮੌਨਸੂਨ ਬਾਰਸ਼ ਹੋਏਗੀ।

    ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਦੱਸਿਆ ਕਿ ਕੁੱਝ ਦਿਨ ਦੇਰੀ ਨਾਲ ਆਏ ਇਸ ਮੌਨਸੂਨ ਦੇ ਅਨੁਕੂਲ ਰਹਿਣ ਦੀ ਉਮੀਦ ਹੈ। ਵਿਭਾਗ ਵੱਲੋਂ ਉੱਤਰ ਪੂਰਬ ਭਾਰਤ ਵਿੱਚ 8 ਜੂਨ ਤੋਂ 10 ਜੂਨ ਤੱਕ ਭਾਰੀ ਬਾਰਿਸ਼ ਤੇ ਤੂਫ਼ਾਨ ਦੀ ਭਵਿੱਖਬਾਣੀ ਕੀਤੀ ਗਈ ਹੈ। ਪੂਰਬੀ ਮੱਧ ਤੇ ਦੱਖਣ ਭਾਰਤ ਤੇ ਟਾਪੂਆਂ ਦੇ ਨਾਲ-ਨਾਲ ਪੂਰੇ ਉੱਤਰ ਪ੍ਰਦੇਸ਼, ਉਤਰਾਖੰਡ ਵਿੱਚ ਭਾਰੀ ਮੀਂਹ ਦੇ ਨਾਲ-ਨਾਲ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।

    ਭਾਰਤੀ ਮੌਸਮ ਵਿਭਾਗ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਦੇ ਹੋਰਾਂ ਹਿੱਸਿਆਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਅੱਜ ਪੂਰੇ ਕੇਰਲਾ ਵਿੱਚ ਮੌਨਸੂਨ ਦੀ ਸਥਿਤੀ ਅਨੁਕੂਲ ਰਹੀ ਹੈ। ਮੌਨਸੂਨ ਦੀ ਆਮਦ ਹੋਣ ਮਗਰੋਂ ਅੱਜ ਕੇਰਲਾ ਦੀਆਂ ਕਈ ਥਾਵਾਂ ਤੇ ਲਕਸ਼ਦੀਪ ’ਚ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਕੇਰਲਾ ਦੀਆਂ ਇੱਕ-ਦੋ ਥਾਵਾਂ ’ਤੇ ਸ਼ਨਿਚਰਵਾਰ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

    LEAVE A REPLY

    Please enter your comment!
    Please enter your name here