ਸਵੱਛ ਭਾਰਤ ਮਿਸ਼ਨ’ ਤਹਿਤ 1284 ਪਿੰਡਾਂ ਨੂੰ ਕੀਤਾ ਸ਼ੋਚ ਮੁਕਤ

  0
  46

  ਜਨਗਾਥਾ / ਹੁਸ਼ਿਆਰਪੁਰ/  ਸਵੱਛ ਭਾਰਤ ਮਿਸ਼ਨ ਤਹਿਤ ਹੁਣ ਤੱਕ 1284 ਪਿੰਡਾਂ ਨੂੰ ਸ਼ੋਚ ਮੁਕਤ ਕਰ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੇ ਪਿੰਡਾਂ ਨੂੰ 15 ਮਾਰਚ 2018 ਤੱਕ ਸ਼ੋਚ ਮੁਕਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜਿਨ੍ਹਾਂ ਪਿੰਡਾਂ ਵਿੱਚ ਪਖਾਨੇ ਬਣਾਉਣ ਦਾ ਕੰਮ ਸਬੰਧਤ ਲਾਭਪਾਤਰੀ ਪਰਿਵਾਰਾਂ ਵਲੋਂ ਨਹੀਂ ਕੀਤਾ ਗਿਆ ਹੈ, ਉਹ ਤੈਅ ਸਮੇਂ ਅਨੁਸਾਰ 15 ਮਾਰਚ ਤੱਕ ਪਖਾਨੇ ਬਣਾਉਣ ਦਾ ਕੰਮ ਪੂਰਾ ਕਰ ਲੈਣ।

  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ ਨੂੰ ਸ਼ੋਚ ਮੁਕਤ ਤਾਂ ਹੀ ਬਣਾਇਆ ਜਾ ਸਕਦਾ ਹੈ, ਜੇਕਰ ਹਰ ਪਿੰਡ ਵਾਸੀ ਆਪਣੇ ਘਰ ਵਿੱਚ ਪਖਾਨਾ ਬਣਾ ਕੇ ਇਸ ਦੀ ਵਰਤੋਂ ਕਰੇ। ਉਨ੍ਹਾਂ ਕਿਹਾ ਕਿ ਹੁਣ ਪਿੰਡ ਵਾਸੀਆਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਲਈ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਖੁੱਲ੍ਹੇ ਵਿੱਚ ਸ਼ੋਚ ਕਰਨ ਦੇ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਪ੍ਰਵਾਸੀ ਮਜ਼ਦੂਰ ਆ ਕੇ ਰਹਿੰਦੇ ਹਨ ਅਤੇ ਉਨ੍ਹਾਂ ਕੋਲ ਪਖਾਨੇ ਬਣਾਉਣ ਲਈ ਜਗ੍ਹਾ ਉਪਲਬੱਧ ਨਹੀਂ ਹੈ, ਤਾਂ ਇਸ ਸਥਿਤੀ ਵਿੱਚ ਪੰਚਾਇਤ ਵਲੋਂ ਪਖਾਨੇ ਬਣਾਉਣ ਲਈ ਦਿੱਤੀ ਜਗ੍ਹਾ ‘ਤੇ ਸਯੁੰਕਤ ਤੌਰ ‘ਤੇ ਪਖਾਨੇ ਵੀ ਬਣਾਏ ਜਾ ਰਹੇ ਹਨ।

  ਸ੍ਰੀ ਵਿਪੁਲ ਉਜਵਲ ਨੇ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ-ਆਪਣੇ ਪਿੰਡਾਂ ਵਿੱਚ ਸਫ਼ਾਈ ਵਿਵਸਥਾ ਦਾ ਵਿਸ਼ੇਸ਼ ਤੌਰ ‘ਤੇ ਧਿਆਨ ਰੱਖਣ ਅਤੇ ਪਰਿਵਾਰਕ ਮੈਂਬਰਾਂ ਨੂੰ ਖੁੱਲ੍ਹੇ ਵਿੱਚ ਸ਼ੋਚ ਨਾ ਕਰਨ ਸਬੰਧੀ ਜਾਗਰੂਕ ਵੀ ਕਰਨ।

  ਉਪ ਮੰਡਲ ਇੰਜੀਨੀਅਰ ਸ੍ਰੀ ਨਵਨੀਤ ਕੁਮਾਰ ਜਿੰਦਲ ਨੇ ਦੱਸਿਆ ਕਿ ਬਾਕੀ ਰਹਿੰਦੇ ਪਿੰਡਾਂ ਨੂੰ ਵੀ ਮਿਥੇ ਸਮੇਂ ਤੱਕ ਸ਼ੋਚ ਮੁਕਤ ਕਰਨ ਲਈ ਪਿੰਡਾਂ ਵਿੱਚ ਟਰੇਨਿੰਗ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਂਪਾਂ ਦੌਰਾਨ ਪਿੰਡ ਪੰਚਾਇਤਾਂ ਅਤੇ ਲਾਭਪਾਤਰੀਆਂ ਨੂੰ ਪਖਾਨੇ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਜ਼ਿਲ੍ਹੇ ਦੇ ਸਾਰੇ ਪਿੰਡਾਂ ਨੂੰ ਸ਼ੋਚ ਮੁਕਤ ਕੀਤਾ ਜਾ ਸਕੇ।

  LEAVE A REPLY

  Please enter your comment!
  Please enter your name here