ਮਾਹਿਲਪੁਰ (ਮੋਹਿਤ ਹੀਰ )- ਪ੍ਰਬੰਧਕ ਕਮੇਟੀ ਪੀਰ ਬਾਬਾ ਮੱਦੂਆਣਾ ਵਲੋਂ ਪ੍ਰਧਾਨ ਅਮਰਜੀਤ ਸਿੰਘ ਨਿੱਪੀ ਬੈਂਸ ਦੀ ਅਗਵਾਈ ਹੇਠ ਤਿੰਨ ਰੋਜਾ 36ਵਾਂ ਰਸ਼ੌਨੀ ਮੇਲਾ ਕਰਵਾਇਆ ਗਿਆ ਜਿਸ ਦਾ ਉਦਘਾਟਨ ਨਗਰ ਪੰਚਾਇਤ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਕੀਤਾ। ਮੇਲੇ ਦੇ ਆਖ਼ਰੀ ਦਿਨ ਦੇਰ ਰਾਤ ਤੱਕ ਚੱਲੇ ਸਭਿਆਚਾਰਕ ਮੇਲੇ ਮੌਕੇ ਮੁੱਖ਼ ਮਹਿਮਾਨ ਵਜੋਂ ਸਾਬਕਾ ਕੇਂਦਰੀ ਮੰਤਰੀ ਸੋਹਣ ਸਿੰਘ ਠੰਡਲ ਹਾਜ਼ਰ ਹੋਏ ਜਦਕਿ ਸਮਾਗਮ ਦੀ ਪ੍ਰਧਾਨਗੀ ਪ੍ਰਵਾਸੀ ਦਲਜੀਤ ਸਿੰਘ ਬੈਂਸ ਕੈਨੇਡਾ, ਅਰਜੁਨਾ ਅਵਾਰਡੀ ਗੁਰਦੇਵ ਸਿੰਘ ਗਿੱਲ, ਨਰਿੰਦਰ ਮਹਿਰਮ, ਹਰਪ੍ਰੀਤ ਸਿੰਘ ਬੈਂਸ, ਕੇਵਲ ਅਰੋੜਾ, ਤਾਰਾ ਸਿੰਘ ਬੜੈਚ ਨੇ ਕੀਤੀ।
ਸਮਾਗਮ ਦੀ ਸ਼ੁਰੂਆਤ ਰਾਜਨ ਸੈਮੀ ਐਂਡ ਪਾਰਟੀ ਦੇ ਨਕਲਾ ਨਾਲ ਕੀਤੀ। ਉਸ ਤੋਂ ਬਾਅਦ ਪੰਜਾਬੀ ਗਾਇਕ ਆਸ਼ੂ ਕਾਂਤ, ਬਲਜਿੰਦਰ ਢਿੱਲੋਂ, ਅਰਮਾਨ ਢਿੱਲੋਂ, ਕਰਾਮਤ ਅਲੀ ਕਵਾਲ ਨੇ ਆਪਣੀਆਂ ਰਚਨਾਵਾਂ ਨਾਲ ਖ਼ੂਬ ਰੰਗ ਬੰਨਿ•ਆ। ਪੰਜਾਬੀ ਲੋਕ ਗਾਇਕ ਸਰਬਜੀਤ ਸਰਬ ਨੇ ਅੱਧਾ ਦਰਜ਼ਨ ਦੇ ਕਰੀਬ ਗੀਤ ਗਾ ਕੇ ਮੇਲੇ ਨੂੰ ਸਿਖ਼ਰਾਂ ‘ਤੇ ਪਹੁੰਚਾਇਆ। ਪ੍ਰਸਿੱਧ ਕਾਮੇਡੀ ਭੋਟੂ ਸ਼ਾਹ ਅਤੇ ਕਵਿਤਾ ਭੱਲਾ ਨੇ ਆਪਣੀਆਂ ਹਾਸਰਸ ਗੱਲਾਂ ਨਾਲ ਜਿੱਥੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਈਆਂ ਉੱਥੇ ਸਮਾਜਿਕ ਬੁਰਾਈਆਂ ‘ਤੇ ਕਰਾਰੀ ਚੋਟ ਕੀਤੀ। ਮੇਲਾ ਉਸ ਸਮੇਂ ਪੂਰੇ ਜੌਬਨ ‘ਤੇ ਆ ਗਿਆ ਜਦੋਂ ਅੰਤਰ ਰਾਸ਼ਟਰੀ ਕਲਾਕਾਰ ਮਨਮੋਹਣ ਵਾਰਿਸ ਨੇ ਤਿੰਨ ਦਰਜ਼ਨ ਦੇ ਕਰੀਬ ਨਵੇਂ ਪੁਰਾਣੇ ਅਤੇ ਹਿੱਟ ਗੀਤਾਂ ਨਾਲ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਮਨਮੋਹਣ ਵਾਰਿਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪ੍ਰੁਫਲਿੱਤ ਕਰਨ ਲਈ ਪੰਜਾਬੀ ਪਰਿਵਾਰਾਂ ਨੂੰ ਗੰਭੀਰ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਦੇ ਲਾਲਚ ਨੇ ਪੰਜਾਬੀ ਪਰਿਵਾਰਾਂ ਨੂੰ ਮਾਂ ਬੋਲੀ ਤੋਂ ਦੂਰ ਕੀਤਾ ਹੈ ਜਿਸ ਨੂੰ ਸੰਭਾਲਣ ਦੀ ਲੋੜ ਹੈ। ਇਸ ਮੌਕੇ ਨਰਿੰਦਰ ਮੋਹਣ ਨਿੰਦੀ, ਅਸ਼ੋਕ ਰਾਣਾ, ਕਿਸ਼ੋਰ ਸ਼ਿਮਲਾ, ਠਾਕੁਰ ਬਲਵੀਰ ਸਿੰਘ, ਰਾਮ ਸਰੂਪ, ਰਾਜੀਵ ਸ਼ਰਮਾ, ਤਰਸੇਮ ਭਾਅ, ਚਰਨਜੀਤ ਸਿੰਘ, ਨਰਿੰਦਰ ਨਰੂਲਾ, ਬਲਜਿੰਦਰ ਸਿੰਘ ਭਰੋਲੀ, ਗੁਰਮੀਤ ਸਿੰਘ ਘੋਗਾ, ਪ੍ਰਿਤਪਾਲ ਸਿੰਘ, ਸਾਧੂ ਰਾਮ, ਬਾਬਾ ਮੱਦੀ ਸ਼ਾਹ ਮੁੱਖ਼ ਸੇਵਾਦਾਰ,ਪ੍ਰੋ ਸਰਵਣ ਸਿੰਘ, ਚਮਨ ਲਾਲ ਸਮੇਤ ਭਾਰੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ।