ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਸਾਂਸਦ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਅਭੋਹਰ ਰੈਲੀ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੂੰ ‘ਬਾਦਸ਼ਾਹ ਦਰਵੇਸ਼’ ਕਹਿ ਕੇ ਸੰਬੋਧਨ ਕੀਤਾ। ਜਿਸ ਦੀ ਵੀਡੀੳ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਗਈ ਅਤੇ ਸਿੱਖ ਸੰਗਤਾਂ ‘ਚ ਭੂੰਦੜ ਦੇ ਕਹੇ ਇੰਨ੍ਹਾਂ ਸ਼ਬਦਾਂ ਦਾ ਵਿਰੋਧ ਸ਼ੁਰੂ ਹੋ ਗਿਆ।
ਉਧਰ ਹੀ ਭੂੰਦੜ ਵੱਲੋਂ ਆਪਣੀ ਜ਼ੁਬਾਨ ਫਿਸਲ ਜਾਣ ਕਾਰਣ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਵਾਸਤੇ ਵਰਤੇ ਸ਼ਬਦ ‘ਬਾਦਸ਼ਾਹ ਦਰਵੇਸ਼’ ਵਾਸਤੇ ਸਮੁੱਚੀ ਸਿੱਖ ਸੰਗਤ ਤੋਂ ਮੁਆਫੀ ਵੀ ਮੰਗ ਲਈ ਹੈ।
ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਭੂੰਦੜ ਨੇ ਕਿਹਾ ਕਿ ਉਹ ਸ. ਬਾਦਲ ਨੂੰ ‘ਦਰਵੇਸ਼ ਸਿਆਸਤਦਾਨ’ ਕਹਿਣਾ ਚਾਹੁੰਦੇ ਸਨ, ਪਰ ਗਲਤੀ ਨਾਲ ਉਹਨਾਂ ਦੇ ਮੂੰਹੋ ‘ਬਾਦਸ਼ਾਹ ਦਰਵੇਸ਼’ ਸ਼ਬਦ ਨਿਕਲ ਗਿਆ। ਉਹਨਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਅਣਜਾਣੇ ਵਿਚ ਹੋਈ ਇਸ ਭੁੱਲ ਵਾਸਤੇ ਉਹ ਬੜੀ ਹਲੀਮੀ ਨਾਲ ਮੁਆਫੀ ਮੰਗਦੇ ਹਨ।