ਹੁਸ਼ਿਆਰਪੁਰ, (ਰੁਪਿੰਦਰ ) ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਿਖੇ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਸੁਚੇਤਾ ਅਸ਼ੀਸ਼ ਦੇਵ ਵਲੋਂ ਫੈਮਿਲੀ ਵੈਲਫੇਅਰ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦੇ ਕੰਮਾਂ ਨੂੰ ਵਾਚਿਆ ਗਿਆ। ਇਸ ਕਮੇਟੀ ਦਾ ਗਠਨ ਨਵੰਬਰ 2017 ਵਿੱਚ ਕੀਤਾ ਗਿਆ ਸੀ ਅਤੇ ਹੁਣ ਤੱਕ ਇਸ ਕਮੇਟੀ ਵਲੋਂ 306 ਕੇਸਾਂ ਦੀ ਸੁਣਵਾਈ ਕੀਤੀ ਜਾ ਚੁੱਕੀ ਹੈ। ਫੈਮਿਲੀ ਵੈਲਫੇਅਰ ਕਮੇਟੀ ਦੇ ਮੈਂਬਰਾਂ ਵਲੋਂ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਕਮੇਟੀ ਪਾਸ ਆਉਣ ਵਾਲੇ ਕੇਸਾਂ ਵਿੱਚੋਂ ਸਿਰਫ਼ 20 ਪ੍ਰਤੀਸ਼ਤ ਕੇਸਾਂ ਵਿੱਚ ਅਗਲੇਰੀ ਕਾਰਵਾਈ ਕਰਨ ਦੀ ਜ਼ਰੂਰਤ ਪਾਈ ਗਈ ਅਤੇ ਬਾਕੀ ਕੇਸਾਂ ਵਿੱਚ ਦੋਵਾਂ ਧਿਰਾਂ ਦੀ ਸੁਣਵਾਈ ਕਰਕੇ ਕਮੇਟੀ ਵਲੋਂ ਰਾਜ਼ੀਨਾਮਾ ਕਰਵਾਇਆ ਗਿਆ ਜਾਂ ਕੋਈ ਹੋਰ ਕਾਰਵਾਈ ਕਰਨ ਦੀ ਜ਼ਰੂਰਤ ਨਹੀਂ ਸਮਝੀ ਗਈ।
ਇਸ ਦੌਰਾਨ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਫੈਮਿਲੀ ਵੈਲਫੇਅਰ ਕਮੇਟੀ ਦੇ ਕੰਮਾਂ ਦੀ ਤਾਰੀਫ ਕਰਦਿਆਂ ਉਨ੍ਹਾਂ ਨੂੰ ਵੱਧ ਤੋਂ ਵੱਧ ਧਿਰਾਂ ਦਾ ਆਪਸੀ ਸਮਝੌਤਾ ਕਰਵਾਉਣ ਲਈ ਪ੍ਰੇਰਿਆ ਗਿਆ, ਤਾਂ ਜੋ ਕੋਈ ਵੀ ਧਿਰ ਕਚਹਿਰੀ ਵਿੱਚ ਕੇਸ ਫਾਇਲ ਨਾ ਕਰੇ ਅਤੇ ਉਨ੍ਹਾਂ ਦਾ ਆਪਸੀ ਸਹਿਮਤੀ ਨਾਲ ਸਮਝੌਤਾ ਹੋ ਜਾਵੇ। ਇਸ ਮੌਕੇ ਫੈਮਿਲੀ ਵੈਲਫੇਅਰ ਕਮੇਟੀ ਦੇ ਮੈਂਬਰ ਸ੍ਰੀ ਸੁਰਿੰਦਰ ਪਾਲ ਦੀਵਾਨ ਅਤੇ ਸ੍ਰੀ ਰਾਜੀਵ ਬਜਾਜ ਵੀ ਮੌਜੂਦ ਸਨ।