ਪੰਜਾਬ ਬਾਇਓਡਾਇਵਰਸਿਟੀ ਬੋਰਡ ਅਤੇ ਪੀਐਸਸੀਐਸਟੀ ਨੇ ਜੈਵਿਕ ਵਿਭਿੰਨਤਾ ਲਈ ਕੌਮਾਂਤਰੀ ਦਿਵਸ ਮਨਾਇਆ

    0
    177

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਜੈਵਿਕ ਵਿਭਿੰਨਤਾ ਬੋਰਡ ਅਤੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੋਲੋਜੀ (ਪੀਐਸਸੀਐਸਟੀ) ਨੇ ਸੰਯੁਕਤ ਰਾਸ਼ਟਰ ਵੱਲੋਂ “ਅਸੀਂ ਹੱਲ ਦੇ ਹਿੱਸੇ ਹਾਂ # ਫਾਰਨੇਚਰ” ਜੈਵਿਕ ਵਿਭਿੰਨਤਾ ਲਈ ਅੰਤਰਰਾਸ਼ਟਰੀ ਦਿਵਸ, 2021 ਦੀ ਘੋਸ਼ਣਾ ਕੀਤੀ ਸੀ। ਸੂਬੇ ਦੇ ਵਾਤਾਵਰਨ ਦੇ ਖ਼ਤਰੇ ਤੋਂ ਜੀਵ-ਜੰਤੂਆਂ ਦਾ ਬਚਾਅ ਕਰਨ ਸਬੰਧੀ ਦੋ ਰੋਜ਼ਾ ਐਕਸਪਰਟ ਲੈਕਚਰ ਲੜੀ ਦਾ ਆਯੋਜਨ ਕੀਤਾ ਗਿਆ ਜੋ ਕਿ 26 ਮਈ, 2021 ਨੂੰ ਖ਼ਤਮ ਹੋਇਆ। ਵੈੱਬ-ਲੜੀ ਦੌਰਾਨ ਉੱਘੇ ਵਿਗਿਆਨੀਆਂ ਅਤੇ ਵਾਤਾਵਰਨ ਪੱਖੀਆਂ ਵੱਲੋਂ ਉਭਰ ਰਹੇ ਖੋਜਕਰਤਾਵਾਂ ਨੂੰ ਅਲੋਪ ਹੋ ਰਹੇ ਜਾਨਵਰਾਂ, ਮਹੱਤਵਪੂਰਣ ਚੁਣੌਤੀਆਂ ਅਤੇ ਬਚਾਅ ਪੱਖਾਂ ਸਬੰਧੀ ਪਹਿਲਕਦਮੀਆਂ ਬਾਰੇ ਗਿਆਨ ਦੇਣ ਬਾਰੇ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਅਤੇ ਇਸ ਨੂੰ ਖੋਜਕਰਤਾਵਾਂ, ਅਕਾਦਮਿਕਾਂ ਅਤੇ ਐਨ.ਜੀ.ਓਜ਼ ਤੋਂ ਵੱਡਾ ਹੁੰਗਾਰਾ ਮਿਲਿਆ।

    ਪੰਜਾਬ ਜੈਵਿਕ ਵਿਭਿੰਨਤਾ ਬੋਰਡ ਦੇ ਮੈਂਬਰ ਸਕੱਤਰ-ਕਮ-ਕਾਰਜਕਾਰੀ ਡਾਇਰੈਕਟਰ, ਪੀਐਸਸੀਐਸਟੀ ਡਾ. ਜਤਿੰਦਰ ਕੌਰ ਅਰੋੜਾ ਨੇ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਦੱਸਿਆ ਕਿ ਪੰਜਾਬ ਉਹਨਾਂ ਕੁੱਝ ਰਾਜਾਂ ਵਿੱਚੋਂ ਇੱਕ ਹੈ ਜਿਥੇ ਜੈਵਿਕ ਵਿਭਿੰਨਤਾ ਐਕਟ, 2002 ਦੀ ਧਾਰਾ 22 ਤਹਿਤ ਜੀਵ-ਵਿਗਿਆਨਕ ਸਰੋਤਾਂ ਦੀ ਸੰਭਾਲ ਅਤੇ ਸਥਿਰਤਾ ਲਈ ਹਰੇਕ ਸਥਾਨਕ ਪੱਧਰ ‘ਤੇ ਜੈਵਿਕ ਵਿਭਿੰਨਤਾ ਪ੍ਰਬੰਧਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਬੋਰਡ ਨੇ ਸੂਬੇ ਵਿਚ ਬਹਾਲੀ / ਮੁੜ ਵਸੇਬੇ ਦੀਆਂ ਯੋਜਨਾਵਾਂ ਸ਼ੁਰੂ ਕਰਨ ਲਈ ਐਕਟ ਦੀ ਧਾਰਾ 38 ਅਧੀਨ ਪੰਜਾਬ ਦੀਆਂ 13 ਪ੍ਰਜਾਤੀਆਂ (8 ਫੁੱਲਾਂ ਅਤੇ 5 ਜਾਨਵਰਾਂ) ਨੂੰ ਨੋਟੀਫਾਈ ਵੀ ਕੀਤਾ ਹੈ।

    ਇਸ ਦੌਰਾਨ ਭਾਰਤ ਸਰਕਾਰ ਦੇ ਰਾਸ਼ਟਰੀ ਜੈਵਿਕ ਵਿਭਿੰਨਤਾ ਅਥਾਰਟੀ ਦੇ ਤਕਨੀਕੀ ਅਧਿਕਾਰੀ ਟੀ. ਨਰੇਂਦਰਨ ਨੇ ਦੱਸਿਆ ਕਿ ਜੈਵਿਕ ਵਿਭਿੰਨਤਾ ਐਕਟ, 2002 ਤਹਿਤ ਪਹੁੰਚ ਅਤੇ ਲਾਭ ਸਾਂਝਾ ਕਰਨ ਸਬੰਧੀ ਵਿਵਸਥਾ ਸ਼ੁਰੂ ਕਰਨਾ ਜੀਵ-ਵਿਗਿਆਨਕ ਸਰੋਤਾਂ ਦੀ ਸਥਾਈ ਵਰਤੋਂ ਦੇ ਉਦੇਸ਼ ਹਾਸਲ ਕਰਨ ਲਈ ਇੱਕ ਸ਼ਕਤੀਸ਼ਾਲੀ ਸਾਧਨ ਹੋ ਸਕਦਾ ਹੈ।

    ਪੰਜਾਬ ਰਾਜ ਦੇ ਇੱਕ ਇਕਵੇਟਿਕ ਜੀਵ ਸਿੰਧ ਦਰਿਆ ਦੀ ਡੌਲਫਿਨ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਡਬਲਯ.ੂਡਬਲਯੂ.ਐਫ.-ਇੰਡੀਆ ਦੇ ਇਕਵੇਟਿਕ ਬਾਇਓਡਾਇਵਰਸਿਟੀ ਕੋਆਰਡੀਨੇਟਰ, ਗੀਤਾਂਜਲੀ ਕੰਵਰ ਨੇ ਕਿਹਾ ਕਿ ਇਸ (ਆਈ.ਯੂ.ਸੀ.ਐਨ ਰੈਡਲਿਸਟਡ) ਖਤਮ ਹੰੁਦੀ ਜਾ ਰਹੀ ਪ੍ਰਜਾਤੀ ਦੀ ਇਕ ਛੋਟੀ ਜਿਹੀ ਆਬਾਦੀ ਸਿਰਫ ਬਿਆਸ ਦਰਿਆ ਦੇ ਇਕ ਖਾਸ ਹਿੱਸੇ ਵਿਚ ਮੌਜੂਦ ਹੈ।ਦੱਸਣਯੋਗ ਹੈ ਕਿ ਹਾਲ ਹੀ ਵਿੱਚ ਬਿਆਸ ਦਰਿਆ ਨੂੰ ਅੰਤਰ-ਰਾਸ਼ਟਰੀ ਮਹੱਤਵ ਦੀ ਰਾਮਸਰ ਸਾਈਟ ਐਲਾਨਿਆ ਗਿਆ ਹੈ। ਉਹਨਾਂ ਨੇ ਪ੍ਰਭਾਵਸ਼ਾਲੀ ਬਹਾਲੀ ਸਬੰਧੀ ਯੋਜਨਾਵਾਂ ਵਜੋਂ ਪਾਣੀ ਦੀ ਸਰਬੋਤਮ ਕੁਆਲਟੀ ਬਣਾਈ ਰੱਖਣ ਅਤੇ ਸਬੰਧਤ ਕਮਿਊਨਿਟੀਆਂ ਨੂੰ ‘ਬਿਆਸ ਮਿੱਤਰ’ ਜਾਂ ‘ਡੌਲਫਿਨ ਮਿੱਤਰ’ ਵਜੋਂ ਸ਼ਾਮਲ ਕਰਨ ‘ਤੇ ਵੀ ਜ਼ੋਰ ਦਿੱਤਾ।

    ਵਾਤਾਵਰਣ ਦੀ ਮੌਜੂਦਾ ਸਥਿਤੀ ਅਤੇ ਦੁਨੀਆਂ ਦੇ ਸਭ ਤੋਂ ਉੱਚਾ ਉੱਡਣ ਵਾਲੇ ਪੰਛੀ ਸਾਰਸ ਕਰੇਨ ਦੇ ਵਿਲੱਖਣ ਵਤੀਰੇ ਬਾਰੇ ਆਪਣੇ ਸੰਬੋਧਨ ਵਿੱਚ ਡਾ. ਕੇ.ਐਸ ਗੋਪੀ ਸੁੰਦਰ, ਵਿਗਿਆਨੀ-ਕ੍ਰੇਨਜ਼ ਅਤੇ ਵੈਟਲੈਂਡਜ਼, ਨੇਚਰ ਕੰਜ਼ਰਵੇਸ਼ਨ ਫਾਉਂਡੇਸ਼ਨ, ਮੈਸੂਰ ਨੇ ਕਿਹਾ ਕਿ ਕ੍ਰੇਨ ਪਰਿਵਾਰ ਦੀਆਂ 15 ਕਿਸਮਾਂ ਵਿੱਚੋਂ 11 ਪ੍ਰਜਾਤੀਆਂ ਖ਼ਤਰੇ ਵਿੱਚ ਹਨ। ਛੋਟੇ ਅਤੇ ਦਰਮਿਆਨੇ ਆਕਾਰ ਦੇ ਵੈਟਲੈਂਡ ਖੇਤਰ, ਜੋ ਇਨ੍ਹਾਂ ਦੇ ਬਚਾਅ ਲਈ ਬਹੁਤ ਮਹੱਤਵਪੂਰਣ ਹਨ, ਬੜੀ ਤੇਜ਼ੀ ਨਾਲ ਘਟਦੇ ਜਾ ਰਹੇ ਹਨ। ਉਨ੍ਹਾਂ ਨੇ ਮਿਥਿਹਾਸਕ ਅਤੇ ਸਭਿਆਚਾਰਕ ਪ੍ਰਮਾਣ ਪੇਸ਼ ਕੀਤੇ ਜੋ ਮਨੁੱਖਾਂ ਨਾਲ ਇਨ੍ਹਾਂ ਦੇ ਪਵਿੱਤਰ ਰਿਸ਼ਤੇ ਅਤੇ ਭਾਈਚਾਰਕ ਹੋਂਦ ਨੂੰ ਉਜਾਗਰ ਕਰਦੇ ਹਨ।

    ਵਾਤਾਵਰਣ ਪ੍ਰਣਾਲੀ ਵਿਚ ਸਫਾਈ ਪਸੰਦ ਜੀਵਾਂ ਦੀ ਮਹੱਤਵਪੂਰਣ ਭੂਮਿਕਾ ਬਾਰੇ ਦੱਸਦਿਆਂ ਡਾ: ਵਿਭੂ ਪ੍ਰਕਾਸ਼, ਉਪ-ਨਿਰਦੇਸ਼ਕ, ਕਲਚਰ ਪ੍ਰੋਗਰਾਮ, ਬਾਂਬੇ ਨੈਚੁਰਲ ਹਿਸਟਰੀ ਸੁਸਾਇਟੀ (ਬੀ.ਐਨ.ਐਚ.ਐਸ) ਨੇ ਗਿਰਝਾਂ ਦੇ ਵਿਲੱਖਣ ਵਿਵਹਾਰ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ, ਜਿਸ ਵਿਚ ਮੇਲ-ਜੋਲ ਅਤੇ ਪਾਲਣ ਪੋਸ਼ਣ ਵਰਗੇ ਵਿਹਾਰ ਸ਼ਾਮਲ ਹੁੰਦੇ ਹਨ। ਉਹਨਾਂ ਨੇ ਵਲਚਰ ਕਨਜ਼ਰਵੇਸ਼ਨ ਪ੍ਰੋਗਰਾਮ ਦੀ ਅਗਵਾਈ ਕਰਦਿਆਂ ਗਿਰਝਾਂ ਦੀ ਅਬਾਦੀ ਵਿੱਚ ਅਚਾਨਕ ਗਿਰਾਵਟ ਦੇ ਕਾਰਨ ਤਲਾਸ਼ਣ, ਵੈਟਰਨਰੀ ਟ੍ਰੀਟਮੈਂਟ ਵਿੱਚ ਵਰਤੀ ਜਾਂਦੀ ਡਾਈਕਲੋਫੇਨਾਕ ਦਵਾਈ ਤੇ ਪਾਬੰਦੀ ਲਗਾਉਣ ਲਈ ਨੋਟੀਫਿਕੇਸ਼ਨ, ਤੇਜ਼ੀ ਨਾਲ ਘਟਦੀ ਆਬਾਦੀ ਨੂੰ ਬਹਾਲ ਕਰਨ ਲਈ ਪ੍ਰਜਨਨ ਦੀ ਸ਼ੁਰੂਆਤ ਕਰਨ ਅਤੇ ਤੰਦਰੁਸਤ ਜਨਸੰਖਿਆ ਨੂੰ ਕੁਦਰਤੀ ਵਸੇਬਿਆਂ ਵਿੱਚ ਵਾਪਸ ਭੇਜਣ ਸਬੰਧੀ ਮੁੱਦਿਆਂ ‘ਤੇ ਆਪਣੇ ਤਜਰਬੇ ਸਾਂਝੇ ਕੀਤੇ।

    ਫਰੈਸ਼ ਵਾਟਰ ਟਰਟਲ (ਕੱਛੂ) ਦੀ ਵਿਭਿੰਨਤਾ ਅਤੇ ਸੰਭਾਲ ਸਬੰਧੀ ਭਾਸ਼ਣ ਦਿੰਦੇ ਹੋਏ ਭਾਰਤ ਦੇ ਟਰਟਲ ਸਰਵਾਈਵਲ ਅਲਾਇੰਸ, ਸੈਂਟਰ ਫਾਰ ਵਾਈਲਡ ਲਾਈਫ ਸਟੱਡੀਜ ਦੇ ਪ੍ਰੋਗਰਾਮ ਡਾਇਰੈਕਟਰ ਡਾ ਸ਼ੈਲੇਂਦਰ ਸਿੰਘ ਨੇ ਦੱਸਆ ਕਿ ਕੱਛੂਆਂ ਦੀ ਭਿੰਨਤਾ ਦੇ ਮਾਮਲੇ ਵਿੱਚ ਭਾਰਤ ਤੀਜਾ ਸਭ ਤੋਂ ਅਮੀਰ ਦੇਸ਼ ਹੈ ਅਤੇ ਫਰੈਸ਼ ਵਾਟਰ ਟਰਟਲ ਦੀਆਂ 24 ਪ੍ਰਜਾਤੀਆਂ ਵਿੱਚੋਂ 8 ਕਿਸਮਾਂ ਪੰਜਾਬ ਵਿਚ ਪਾਈਆਂ ਜਾਂਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਸੇਬੇ ਦੀ ਘਾਟ ਅਤੇ ਪਾਲਤੂ ਜੀਵਾਂ ਦੀ ਗੈਰ-ਕਾਨੂੰਨੀ ਤਸਕਰੀ ਫਰੈਸ਼ ਵਾਟਰ ਟਰਟਲਜ਼ ਲਈ ਵੱਡਾ ਖਤਰਾ ਹਨ ਅਤੇ ਇਸ ਖਤਮ ਹੁੰਦੀ ਜਾ ਰਹੀ ਪ੍ਰਜਾਤੀ ਨੂੰ ਬਚਾਉਣ ਲਈ ਨਿਵਾਸ ਸਥਾਨ ਦੀ ਬਹਾਲੀ, ਕਮਿਊਨਿਟੀ ਇਨਗੇਜਮੈਂਟ ਅਤੇ ਕੇਂਦਰਿਤ ਖੋਜ ਪ੍ਰੋਗਰਾਮਾਂ `ਤੇ ਜ਼ੋਰ ਦਿੱਤਾ ਜਾ ਰਿਹਾ ਹੈ।

    ਇੰਡੀਅਨ ਰਾਕ ਪਾਇਥਨ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਵਾਈਲਡ ਲਾਈਫ ਰੈਸੀਕਿਊਅਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਆਨਰੇਰੀ ਵਾਈਲਡ ਲਾਈਫ ਵਾਰਡਨ ਨਿਖਿਲ ਸੇਂਗਰ ਨੇ ਕਿਹਾ ਕਿ ਪਠਾਨਕੋਟ, ਹੁਸਿ਼ਆਰਪੁਰ, ਨਵਾਂਸ਼ਹਿਰ ਅਤੇ ਰੋਪੜ ਜਿ਼ਲ੍ਹਿਆਂ ਵਿੱਚ ਫੈਲਿਆ ਸ਼ਿਵਾਲਿਕ ਖੇਤਰ ਪਾਈਥਨ ਦਾ ਕੁਦਰਤੀ ਨਿਵਾਸ ਹੈ, ਜੋ ਕਿ ਇੰਡੀਅਨ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਸ਼ਡਿਊਲ 1 ਅਧੀਨ ਹੈ। ਜੰਗਲਾਂ ਦੀ ਕਟਾਈ, ਜਲਵਾਯੂ ਪਰਿਵਰਤਨ ਅਤੇ ਜੰਗਲੀ ਜੀਵਾਂ ਦੇ ਸਿ਼ਕਾਰ ਕਾਰਨ ਕਈ਼ ਘਟ ਰਹੀਆਂ ਪ੍ਰਜਾਤੀਆਂ `ਤੇ ਚਿੰਤਾ ਜ਼ਾਹਰ ਕਰਦਿਆਂ ਨਿਖਿਲ ਸੇਂਗਰ ਨੇ ਸਥਾਨਕ ਲੋਕਾਂ ਅਤੇ ਵਿਦਿਆਰਥੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ ਅਤੇ ਜਾਗਰੂਕਤਾ ਫੈਲਾਉਣ ਲਈ ਅਜਿਹੀਆਂ ਹੋਰ ਪਹਿਲਕਦਮੀਆਂ ਦੀ ਵੀ ਵਕਾਲਤ ਕੀਤੀ।

    ਜਿ਼ਕਰਯੋਗ ਹੈ ਕਿ 300 ਤੋਂ ਵੱਧ ਪ੍ਰਤੀਭਾਗੀਆਂ ਨੇ ਵਰਚੁਅਲ ਢੰਗ ਨਾਲ ਪ੍ਰੋਗਰਾਮ ਵਿਚ ਹਿੱਸਾ ਲਿਆ ਅਤੇ ਜੈਵਿਕ-ਵਿਭਿੰਨਤਾ ਦੀ ਸੰਭਾਲ ਦੇ ਖੇਤਰ ਵਿਚ ਸਿਖਲਾਈ ਅਤੇ ਖੋਜਕਰਤਾਵਾਂ ਅਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਸਬੰਧੀ ਪਹਿਲਕਦਮੀ ਦੀ ਸ਼ਲਾਘਾ ਕੀਤੀ।

    LEAVE A REPLY

    Please enter your comment!
    Please enter your name here