ਹੁਸ਼ਿਆਰਪੁਰ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਪੰਜਾਬ ਦੀ ਤਰੱਕੀ ਦੇ ਨਵੇਂ ਰਾਹ ਖੋਲੇਗਾ। ਇਸ ਨਾਲ ਰਾਜ ਵਿਚ ਉਦਯੋਗਾਂ ਨੂੰ ਹੁਲਾਰਾ ਮਿਲੇਗਾ ਅਤੇ ਰੋਜਗਾਰ ਦੇ ਨਵੇਂ ਪੈਦਾ ਹੋਣ ਵਾਲੇ ਮੌਕੇ ਸਾਡੇ ਨੌਜਵਾਨਾਂ ਦੇ ਹੱਥਾਂ ਨੂੰ ਕੰਮ ਦੇਣਗੇ। ਇਹ ਗੱਲ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਆਈ.ਏ.ਐਸ. ਨੇ ਆਖੀ।
ਡਿਪਟੀ ਕਮਿਸ਼ਨਰ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਬਣਾਈ ਗਈ ਉਦਯੋਗ ਨੀਤੀ ਕਾਰਨ ਰਾਜ ਵਿਚ ਲਗਾਤਾਰ ਨਿਵੇਸ਼ ਆਕਰਸ਼ਿਤ ਹੋ ਰਿਹਾ ਹੈ ਅਤੇ ਦੁਨੀਆਂ ਭਰ ਤੋਂ ਉਦਯੋਗਪਤੀ ਅਤੇ ਨਿਵੇਸ਼ਕ ਇੱਥੇ ਆ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਉਦਯੋਗਾਂ ਲਈ ਬਹੁਤ ਸਾਜਗਾਰ ਹੈ। ਉਨਾਂ ਕਿਹਾ ਕਿ ਇੱਥੇ ਸਰਕਾਰ ਨੇ ਉਦਯੋਗਾਂ ਲਈ ਨਿਯਮਾਂ ਨੂੰ ਸਰਲ ਕੀਤਾ ਹੈ ਅਤੇ ਸਿੰਗਲ ਵਿੰਡੋ ਪ੍ਰਣਾਲੀ ਲਾਗੂ ਕੀਤੀ ਗਈ ਹੈ। ਇਸੇ ਤਰਾਂ ਉਦਯੋਗਾਂ ਨੂੰ ਸਸਤੀ ਬਿਜਲੀ ਅਤੇ ਹਰ ਪ੍ਰਕਾਰ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਇਸੇ ਸਾਜਗਾਰ ਮਾਹੌਲ ਤੋਂ ਨਿਵੇਸ਼ਕਾਂ ਨੂੰ ਜਾਣੂ ਕਰਵਾਉਣ ਲਈ ਸੂਬਾ ਸਰਕਾਰ ਮੋਹਾਲੀ ਵਿਖੇ ਨਿਵੇਸ਼ ਸੰਮੇਲਨ ਕਰਵਾ ਰਹੀ ਹੈ। ਉਨਾਂ ਕਿਹਾ ਕਿ ਇਸ ਸੰਮੇਲਨ ਵਿਚ ਛੋਟੇ ਅਤੇ ਲਘੂ ਉਦਯੋਗਾਂ ਤੇ ਵਿਸੇਸ਼ ਜੋਰ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਸਾਜਗਾਰ ਮਹੌਲ ਨਾਲ ਨਵੇਂ ਉਦਯੋਗ ਲੱਗਣਗੇ ਤਾਂ ਇਸ ਨਾਲ ਰਾਜ ਦੇ ਮਾਲੀਏ ਵਿਚ ਤਾਂ ਵਾਧਾ ਹੋਵੇਗਾ ਹੀ, ਸਗੋਂ ਇਸ ਨਾਲ ਸੂਬੇ ਵਿਚ ਨੌਜਵਾਨਾਂ ਲਈ ਰੋਜਗਾਰ ਦੇ ਮੌਕੇ ਵੀ ਪੈਦਾ ਹੋਣਗੇ।