ਪੰਜਾਬ ‘ਚ ਮੰਤਰੀ ਚੰਨੀ ਖਿਲਾਫ਼ “ਮੀ-ਟੂ” ਦਾ ਮਾਮਲਾ ਭਖਿਆ

    0
    135

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੀ-ਟੂ ਮਾਮਲੇ ਵਿਚ ਨਵਾਂ ਉਭਾਰ ਆਇਆ ਹੈ। ਔਰਤ ਆਈਏਐੱਸ ਅਫ਼ਸਰ ਨੂੰ 2018 ਵਿਚ ਇਤਰਾਜ਼ਯੋਗ ਮੈਸੇਜ ਭੇਜਣ ਦੇ ਮਾਮਲੇ ਵਿਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਐਲਾਨ ਕਰ ਦਿੱਤਾ ਹੈ ਕਿ ਜੇ ਪੰਜਾਬ ਸਰਕਾਰ ਹਫ਼ਤੇ ਤਕ ਜਵਾਬ ਨਹੀਂ ਦਿੰਦੀ ਤਾਂ ਉਹ ਭੁੱਖ ਹਡ਼ਤਾਲ ’ਤੇ ਬੈਠਣਗੇ। ਚੇਅਰਪਰਸਨ ਨੇ ਕਿਹਾ ਕਿ ਉਨ੍ਹਾਂ ਨੇ 2018 ਵਿਚ ਉਦੋਂ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿਚ ਜਵਾਬ ਮੰਗਿਆ ਸੀ, ਜੋ ਹਾਲੇ ਤਕ ਨਹੀਂ ਆਇਆ।

    ਦੱਸਣਯੋਗ ਹੈ ਕਿ 2018 ਵਿਚ ਚਰਨਜੀਤ ਸਿੰਘ ਚੰਨੀ ਮੀ-ਟੂ ਮਾਮਲੇ ਵਿਚ ਘਿਰ ਗਏ ਸਨ। ਔਰਤ ਆਈਏਐੱਸ ਅਧਿਕਾਰੀ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਸੀ ਕਿ ਕੈਬਨਿਟ ਮੰਤਰੀ ਨੇ ਉਨ੍ਹਾਂ ਨੂੰ ਕਈ ਵਾਰੀ ਇਤਰਾਜ਼ਯੋਗ ਸੁਨੇਹੇ ਭੇਜੇ ਹਨ। ਉਦੋਂ ਇਹ ਮਾਮਲਾ ਤੂਲ ਫੜ ਗਿਆ ਸੀ। ਚੰਨੀ ਦੇ ਖ਼ਿਲਾਫ਼ ਔਰਤਾਂ ਨੇ ਧਰਨੇ ਮੁਜ਼ਾਹਰੇ ਵੀ ਕੀਤੇ ਸਨ। ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੰਤਰੀ ਨੇ ਮਾਫ਼ੀ ਮੰਗ ਲਈ ਹੈ, ਇਸ ਲਈ ਇਹ ਮਾਮਲਾ ਖ਼ਤਮ ਹੋ ਗਿਆ ਹੈ। ਇਹ ਮਾਮਲਾ 2020 ਵਿਚ ਇਕ ਵਾਰੀ ਮੁੜ ਹੋਂਦ ਵਿਚ ਆਇਆ ਸੀ, ਜਦੋਂ ਕੈਬਨਿਟ ਸਬ-ਕਮੇਟੀ ਦੀ ਬੈਠਕ ਦੌਰਾਨ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਤੇ ਚਰਨਜੀਤ ਸਿੰਘ ਚੰਨੀ ਐਕਸਾਈਜ਼ ਨੀਤੀ ਨੂੰ ਲੈ ਕੇ ਉਦੋਂ ਦੇ ਚੀਫ ਸਕੱਤਰ ਕਰਨ ਅਵਤਾਰ ਸਿੰਘ ਨਾਲ ਭਿੜ ਗਏ ਸਨ। ਜਿਸ ਤੋਂ ਬਾਅਦ ਦੋਵੇਂ ਮੰਤਰੀ ਮੀਟਿੰਗ ਛੱਡ ਕੇ ਚਲੇ ਗਏ ਸਨ।ਇਸ ਪਿੱਛੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਚੰਨੀ ਨੂੰ ਮਨਾਉਣ ਉਨ੍ਹਾਂ ਦੇ ਘਰ ਗਏ ਸਨ ਪਰ ਚੰਨੀ ਨੇ ਦੋਸ਼ ਲਾਇਆ ਸੀ ਕਿ ਬਾਜਵਾ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਮੁੱਖ ਮੰਤਰੀ ਉਨ੍ਹਾਂ ਖਿਲਾਫ਼ ਮੀ-ਟੂ ਦੀ ਫਾਈਲ ਮੁੜ ਖੋਲ੍ਹ ਸਕਦੇ ਹਨ। ਇਸ ਤੋਂ ਬਾਅਦ ਇਹ ਮਾਮਲਾ ਕਰੀਬ 10 ਮਹੀਨਿਆਂ ਤਕ ਠੰਢੇ ਬਸਤੇ ਵਿਚ ਪਿਆ ਰਿਹਾ। ਹੁਣ ਇਕ ਵਾਰੀ ਮੁੜ ਇਹ ਮਾਮਲਾ ਉੱਭਰ ਕੇ ਸਾਹਮਣੇ ਆ ਗਿਆ ਜਦੋਂ ਇਸਤਰੀ ਕਮਿਸ਼ਨ ਦੀ ਚੇਅਰਪਰਨ ਨੇ ਸੋਮਵਾਰ ਨੂੰ ਕਿਹਾ ਕਿ 2018 ਕਮਿਸ਼ਨ ਨੇ ਇਸ ਮਾਮਲਾ ਦਾ ਸੂ-ਮੋਟੋ ਲਿਆ ਸੀ। ਇਸ ਮਾਮਲੇ ਵਿਚ ਚੀਫ ਸਕੱਤਰ ਨੂੰ ਪੱਤਰ ਲਿਖ ਕੇ ਜਵਾਬ ਮੰਗਿਆ ਸੀ ਕਿਉਂਕਿ ਉਦੋਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਮਾਮਲਾ ਖਤਮ ਹੋ ਗਿਆ ਹੈ, ਇਸ ਲਈ ਉਨ੍ਹਾਂ ਨੇ ਮਾਮਲੇ ਨੂੰ ਫਾਲੋ ਨਹੀਂ ਕੀਤਾ। ਹੁਣ ਉਨ੍ਹਾਂ ਨੂੰ ਆਈਏਐੱਸ ਅਧਿਕਾਰੀਆਂ ਦੇ ਫੋਨ ਆ ਰਹੇ ਹਨ ਕਿ ਉਹ ਮੰਤਰੀ ਨਾਲ ਮਿਲ ਗਏ ਹਨ, ਇਸੇ ਲਈ ਮੀ-ਟੂ ਮਾਮਲੇ ’ਚ ਕਾਰਵਾਈ ਨਹੀਂ ਕੀਤੀ। ਚੇਅਰਪਰਸਨ ਨੇ ਕਿਹਾ ਕਿ ਹਫਤੇ ਤਕ ਜੇ ਸੂਬਾ ਸਰਕਾਰ ਨੇ ਉਨ੍ਹਾਂ ਦੇ ਪੱਤਰ ਦਾ ਜਵਾਬ ਨਹੀਂ ਦਿੱਤਾ ਤਾਂ ਉਹ ਭੁੱਖ ਹੜਤਾਲ ’ਤੇ ਬੈਠ ਜਾਣਗੇ।

    ਦੱਸਣਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਨਾਲ ਮੀਟਿੰਗ ਕਰ ਰਹੇ ਸਨ। ਚੰਨੀ, ਸਿੱਧੂ ਨੂੰ ਮਿਲਣ ਲਈ ਪਟਿਆਲੇ ਗਏ ਸਨ। ਜਿਸ ਤੋਂ ਬਾਅਦ ਸਿੱਧੂ, ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਪੰਚਕੂਲਾ ਵਿਚ ਸਿੱਧੂ ਦੇ ਦੋਸਤ ਦੀ ਕੋਠੀ ਵਿਚ ਮੀਟਿੰਗ ਹੋਈ ਸੀ। ਉੱਥੇ ਬਾਅਦ ਵਿਚ ਰੰਧਾਵਾ ਦੀ ਕੋਠੀ ’ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਚਰਨਜੀਤ ਸਿੰਘ ਚੰਨੀ ਤੇ ਗੁਰਪ੍ਰੀਤ ਕਾਂਗੜ ਦੀ ਮੀਟਿੰਗ ਹੋਈ। ਇਨ੍ਹਾਂ ਮੀਟਿੰਗਾਂ ਤੋਂ ਮੁੱਖ ਮੰਤਰੀ ਦਾ ਧੜਾ ਚਿੰਤਤ ਸੀ।

    LEAVE A REPLY

    Please enter your comment!
    Please enter your name here