ਪੰਜਾਬ ਕੋਚਜ਼ ਐਸੋਸੀਏਸ਼ਨ ਦੇ ਵਫ਼ਦ ਨੇ ਖੇਡ ਵਿਭਾਗ ਦੇ ਡਾਇਰੈਕਟਰ ਨਾਲ ਕੀਤੀ ਮੁਲਾਕਾਤ

    0
    138

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਖੇਡ ਵਿਭਾਗ ਦੀ ਪੰਜਾਬ ਕੋਚਜ਼ ਐਸੋਸੀਏਸ਼ਨ ਦੇ ਇੱਕ ਵਫ਼ਦ ਵਲੋਂ ਕੋਚਾਂ ਦੀਆਂ ਲੰਬਿਤ ਪਈਆਂ ਜਾਇਜ਼ ਮੰਗਾਂ ਵੱਲ ਧਿਆਨ ਦਿਵਾਉਣ ਦੇ ਮੱਦੇਨਜ਼ਰ ਅੱਜ ਵਿਭਾਗ ਦੇ ਡਾਇਰੈਕਟਰ ਡੀ.ਪੀ.ਐਸ.ਖਰਬੰਦਾ ਨਾਲ ਮੁਲਾਕਾਤ ਕੀਤੀ ਗਈ।
    ਵਫ਼ਦ ਦੇ ਮੈਂਬਰਾਂ ਨਵਿੰਦਰ ਸਿੰਘ (ਪ੍ਰਧਾਨ), ਜਨਰਲ ਸੱਕਤਰ ਉਮੇਸ਼ ਸ਼ਰਮਾ, ਗੁਰਮੀਤ ਸਿੰਘ ਅਤੇ ਬਲਜੀਤ ਸਿੰਘ ਨੇ ਡਾਇਰੈਕਟਰ ਨੂੰ ਵਿਭਾਗ ਵਿੱਚ ਤਰੱਕੀਆਂ, ਤਾਇਨਾਤੀਆਂ ਅਤੇ ਤਬਾਦਲਿਆਂ ਸੰਬੰਧੀ ਲੰਬੇ ਸਮੇਂ ਤੋਂ ਲੰਬਿਤ ਪਈਆਂ ਹੱਕੀ ਮੰਗਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਚ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਦੀ ਅਸੀਮ ਸਮਰੱਥਾ ਨੂੰ ਸਕਾਰਾਤਮਕ ਢੰਗ ਨਾਲ ਸੇਧ ਦੇਣ ਲਈ ਪੂਰੀ ਤਨਦੇਹੀ ਅਤੇ ਸੁਹਿਰਦਤਾ ਨਾਲ ਸੇਵਾਵਾਂ ਨਿਭਾ ਰਹੇ ਹਨ। ਵਫਦ ਨੇ ਡਾਇਰੈਕਟਰ ਨੂੰ ਅਪੀਲ ਕੀਤੀ ਕਿ ਕੋਚਾਂ ਦੀਆਂ ਚਿਰੋਕਣੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ ਕਿਉਂਕਿ ਇਸ ਨਾਲ ਡਿਊਟੀ ਹੋਰ ਵਧੇਰੇ ਉਤਸ਼ਾਹ ਨਾਲ ਨਿਭਾਉਣ ਲਈ ਉਹਨਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਵਿੱਚ ਮਦਦ ਮਿਲੇਗੀ।

    ਇਸ ਦੌਰਾਨ ਵਫਦ ਨਾਲ ਗੱਲਬਾਤ ਕਰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਨੇ ਸੂਬੇ ਭਰ ਦੇ ਕੋਚਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵਲੋਂ ਪੂਰੀ ਹਮਦਰਦੀ ਨਾਲ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਵਿਚਾਰਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਆਮ ਤੌਰ ‘ਤੇ ਅਤੇ ਵਿਸ਼ੇਸ਼ ਕਰਕੇ ਖੇਡ ਵਿਭਾਗ ਯੂਨੀਅਨ ਦੀਆਂ ਸਾਰੀਆਂ ਜਾਇਜ਼ ਮੰਗਾਂ ਪ੍ਰਤੀ ਪੂਰੀ ਤਰਾਂ ਸੁਹਿਰਦ ਹੈ। ਖਰਬੰਦਾ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦੀ ਅਸੀਮ ਸਮਰੱਥਾ ਨੂੰ ਸਕਾਰਾਤਮਕ ਸੇਧ ਦੇ ਕੇ ਪੰਜਾਬ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।ਡਾਇਰੈਕਟਰ ਨੇ ਸਾਰੇ ਜੂਨੀਅਰ ਕੋਚਾਂ ਦੀ ਸੀਨੀਅਰਤਾ ਨੂੰ ਸਮਾਂਬੱਧ ਢੰਗ ਨਾਲ ਅੰਤਮ ਰੂਪ ਦੇਣ ਲਈ ਵਿਭਾਗੀ ਪ੍ਰਕਿਰਿਆ ਦਾ ਸਮਾਂ ਵੀ ਨਿਰਧਾਰਤ ਕੀਤਾ। ਉਨ੍ਹਾਂ ਨੇ ਕਿਹਾ ਕਿ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਪਹਿਲਾਂ ਹੀ ਨਿਰਦੇਸ਼ ਦੇ ਚੁੱਕੇ ਹਨ ਕਿ ਅਗਲੇ ਮਹੀਨੇ ਦੇ ਅੰਤ ਤੱਕ ਸਾਰੇ ਯੋਗ ਕੋਚਾਂ ਨੂੰ ਤਰੱਕੀ ਦਿੱਤੀ ਜਾਵੇ। ਖਰਬੰਦਾ ਨੇ ਕਿਹਾ ਕਿ ਇਸ ਸੰਬੰਧੀ ਵਿਭਾਗ ਵਲੋਂ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

    ਡਾਇਰੈਕਟਰ ਨੇ ਕਿਹਾ ਕਿ ਤੰਦਰੁਸਤ ਅਤੇ ਸੇਧਪੂਰਨ ਸਮਾਜ ਦੀ ਸਿਰਜਣਾ ਵਿੱਚ ਕੋਚਾਂ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ ਇਸ ਲਈ ਉਹਨਾਂ ਨੂੰ ਆਪਣੀ ਡਿਊਟੀ ਪੂਰੇ ਜੋਸ਼-ਓ-ਖ਼ਰੋਸ਼ ਨਾਲ ਨਿਭਾਉਂਦਿਆਂ ਚੰਗੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਨੇ ਕੋਵਿਡ ਮਹਾਂਮਾਰੀ ਦੇ ਖਾਤਮੇ ਤੋਂ ਬਾਅਦ ਸੂਬੇ ਵਿੱਚ ਖੇਡਾਂ ਸੰਬੰਧੀ ਗਤੀਵਿਧੀਆਂ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਲਈ ਵੀ ਕੋਚਾਂ ਨੂੰ ਅਪੀਲ ਕੀਤੀ। ਖਰਬੰਦਾ ਨੇ ਇਸ ਨੇਕ ਕੰਮ ਲਈ ਕੋਚਾਂ ਨੂੰ ਪੂਰਨ ਸਹਿਯੋਗ ਅਤੇ ਤਾਲਮੇਲ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਜੁਆਇੰਟ ਡਾਇਰੈਕਟਰ ਸਪੋਰਟਸ ਕਰਤਾਰ ਸਿੰਘ ਵੀ ਮੌਜੂਦ ਸਨ।

    LEAVE A REPLY

    Please enter your comment!
    Please enter your name here