ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਫੜੀ ਸ਼ਰਾਬ ਦੀ ਨਾਜਾਇਜ਼ ਫੈਕਟਰੀ, ਬੋਤਲਾਂ ਦੇ ਢੱਕਣ ਬਰਾਮਦ

    0
    158

    ਜਲੰਧਰ, ਜਨਗਾਥਾ ਟਾਇਮਜ਼: (ਰਵਿੰਦਰ)

    ਪੁਲਿਸ ਅਤੇ ਐਕਸਾਈਜ਼ ਮਹਿਕਮੇ ਵੱਲੋਂ ਬੀਤੀ ਰਾਤ ਧੋਗੜੀ ਰੋਡ ’ਤੇ ਪਿੰਡ ਸਮਸਤੀਪੁਰ ਸਥਿਤ ਇਕ ਨਕਲੀ ਸ਼ਰਾਬ ਬਣਾਉਣ ਦੀ ਫੈਕਟਰੀ ’ਤੇ ਰੇਡ ਕੀਤੀ ਗਈ ਸੀ।ਜਿਥੋਂ ਐਕਸਾਈਜ਼ ਮਹਿਕਮੇ ਅਤੇ ਪੁਲਿਸ ਵੱਲੋਂ ਹਜ਼ਾਰਾਂ ਲੀਟਰ ਨਕਲੀ ਸ਼ਰਾਬ, ਬਾਟਲਿੰਗ ਮਸ਼ੀਨ, ਸ਼ਰਾਬ ਬਣਾਉਣ ਦਾ ਮਸਾਲਾ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਐਕਸਾਈਜ਼ ਮਹਿਕਮੇ ਨੇ ਨਾਗਰਾ ਦੇ ਨਾਲ ਲੱਗਦੇ ਇਲਾਕੇ ਸ਼ਿਵ ਨਗਰ ਵਿਚ ਸਥਿਤ ਕੋਠੀ ਵਿਚੋਂ ਸ਼ਰਾਬ ਦੀਆਂ ਬੋਤਲਾਂ ਦੇ ਢੱਕਣ ਵੀ ਬਰਾਮਦ ਕੀਤੇ ਹਨ।

    ਆਬਕਾਰੀ ਟੀਮ ਨੇ ਸਥਾਨਕ ਪੁਲਿਸ ਨਾਲ ਮਿਲ ਕੇ ਨਾਗਰਾ ਦੇ ਸ਼ਿਵ ਨਗਰ ਇਲਾਕੇ ਵਿਖੇ ਛਾਪਾ ਮਾਰਿਆ ਹੈ। ਉਥੇ 2 ਘਰਾਂ ਦੇ ਤਾਲੇ ਤੋੜ ਕੇ 3 ਘਰਾਂ ਦੀ ਚੈਕਿੰਗ ਕੀਤੀ ਗਈ। ਫਿਲਹਾਲ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਛਾਪਿਆਂ ਨੂੰ ਜੋੜ ਕੇ ਜਾਂਚ ਕੀਤੀ ਜਾ ਰਹੀ ਹੈ। ਉਸ ਘਰ ਦੇ ਮਾਲਕ ਨੂੰ ਜਿੱਥੋਂ ਸ਼ਰਾਬ ਦੀਆਂ ਬੋਤਲਾਂ ਦੇ ਢੱਕਣ ਬਰਾਮਦ ਹੋਏ ਹਨ, ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।

    ਜਲੰਧਰ ਦੇ ਐੱਸ.ਐੱਸ.ਪੀ. ਨਵੀਨ ਸਿੰਗਲਾ ਨੇ ਕਿਹਾ ਕਿ ਮਾਮਲੇ ਨੂੰ ਲੈ ਕੇ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਅਤੇ ਉਸਦੇ 2 ਭਰਾਵਾਂ ਰਾਜਨ ਅੰਗੁਰਾਲ ਅਤੇ ਸੰਨੀ ਅੰਗੁਰਾਲ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਤਿੰਨੋਂ ਮੁਲਜ਼ਮ ਇਸ ਸਮੇਂ ਫ਼ਰਾਰ ਹਨ, ਜਿਨ੍ਹਾਂ ਨੂੰ ਜਲਦੀ ਫੜ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਮੁਲਜ਼ਮ ਇੱਕ ਵੱਡੇ ਭਾਜਪਾ ਲੀਡਰ ਦੇ ਕਰੀਬੀ ਹਨ। ਇਨ੍ਹਾਂ ਕੋਲੋਂ ਨਕਲੀ ਸ਼ਰਾਬ ਭਰਨ ਲਈ ਰੱਖੀਆਂ 11,990 ਬੋਤਲਾਂ, ਬੋਟਲਿੰਗ ਪਲਾਂਟ ਨਾਲ ਸਬੰਧਤ ਸਮਾਨ ਅਤੇ ਹੋਰ ਸਮਾਨ ਜ਼ਬਤ ਕੀਤਾ ਗਿਆ ਹੈ।

    ਜਾਣਕਾਰੀ ਅਨੁਸਾਰ ਚੰਡੀਗੜ੍ਹ ਸਥਿਤ ਐਕਸਾਈਜ਼ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਸਬੂਤ ਮਿਲੇ ਸਨ ਕਿ ਆਦਮਪੁਰ ਦੇ ਧੋਗੜੀ ਰੋਡ ’ਤੇ ਸਥਿਤ ਇਕ ਫੈਕਟਰੀ ਵਿਚ ਨਕਲੀ ਸ਼ਰਾਬ ਬਣਦੀ ਹੈ, ਜਿਸ ਨੂੰ ਬਾਟਲਿੰਗ (ਬੋਤਲ ਪੈਕਿੰਗ) ਕਰਨ ਤੋਂ ਬਾਅਦ ਮਹਿੰਗੇ ਰੇਟ ’ਤੇ ਵੇਚਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਮੋਹਾਲੀ ਅਤੇ ਚੰਡੀਗੜ੍ਹ ਵਿਚ ਵੀ ਇਹ ਸ਼ਰਾਬ ਸਪਲਾਈ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਐਕਸਾਈਜ਼ ਵਿਭਾਗ ਤੇ ਪੁਲਿਸ ਨੇ ਸਾਂਝਾ ਅਪਰੇਸ਼ਨ ਕੀਤਾ ਹੈ।

    ਦੱਸ ਦੇਈਏ ਕਿ ਆਬਕਾਰੀ ਵਿਭਾਗ ਦੀ ਚੰਡੀਗੜ੍ਹ ਟੀਮ ਵੱਲੋਂ ਛਾਪੇਮਾਰੀ ਕਰਨ ਤੋਂ ਬਾਅਦ ਹਲਚਲ ਮਚ ਗਈ ਹੈ। ਫੈਕਟਰੀ ਬਾਰੇ ਪੂਰੇ ਵੇਰਵੇ ਅਜੇ ਇੰਤਜ਼ਾਰ ਵਿਚ ਹਨ। ਇਸ ਤੋਂ ਇਲਾਵਾ ਪੁਲਸ ਫੈਕਟਰੀ ਨਾਲ ਜੁੜੇ ਸਾਰੇ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅੰਗੁਰਾਲ ਭਰਾਵਾਂ ਦੀ ਚਰਚਾ ਪੂਰੇ ਸ਼ਹਿਰ ਵਿਚ ਹੈ ਕਿਉਂਕਿ ਰਾਜਨ ਅਤੇ ਸ਼ੀਤਲ ਦੋਵੇਂ ਹੀ ਬਦਮਾਸ਼ੀ ਕਰਨ ਲਈ ਚਰਚਾ ਵਿਚ ਰਹਿੰਦੇ ਹਨ। ਦੋਵਾਂ ’ਤੇ ਕੁੱਟਮਾਰ, ਹੱਿਤਆ ਦੀ ਕੋਸ਼ਿਸ਼, ਰੰਗਦਾਰੀ ਵਸੂਲਣ ਅਤੇ ਜੂਆ ਖੇਡਣ ਵਰਗੇ ਸੰਗੀਨ ਮਾਮਲੇ ਦਰਜ ਹਨ।

    LEAVE A REPLY

    Please enter your comment!
    Please enter your name here