ਗੈਂਗਸਟਰ ਜੈਪਾਲ ਦੇ ਐਨਕਾਊਂਟਰ ਦੌਰਾਨ ਲੱਗੀਆਂ ਗੋਲੀਆਂ ਬਾਰੇ ਹੋਇਆ ਨਵਾਂ ਖੁਲਾਸਾ

  0
  54

  ਫਿਰੋਜ਼ਪੁਰ, ਜਨਗਾਥਾ ਟਾਇਮਜ਼: (ਰਵਿੰਦਰ)

  ਗੈਂਗਸਟਰ ਜੈਪਾਲ ਭੁੱਲਰ ਦੀ ਮੌਤ ਨੂੰ ਲੈ ਕੇ ਅਜੇ ਵੀ ਕਈ ਸਵਾਲ ਅਣਸੁਲਝੇ ਨੇ ਕੀ ਉਸ ਦਾ ਵਾਕਈ ਹੀ ਐਨਕਾਊਂਟਰ ਕੀਤਾ ਗਿਆ ਹੈ ਜਾਂ ਫਿਰ ਉਸ ਨੂੰ ਫੜ ਕੇ ਮਾਰਿਆ ਗਿਆ ਹੈ। ਇਨ੍ਹਾਂ ਅਣਸੁਲਝੇ ਸਵਾਲਾਂ ਦੇ ਵਿਚ ਜਿੱਥੇ ਪਰਿਵਾਰ ਸਵਾਲ ਚੁੱਕ ਰਿਹਾ ਹੈ। ਉੱਥੇ ਹੀ ਦੁਬਾਰਾ ਹੋਇਆ ਪੋਸਟਮਾਰਟਮ ਵੀ ਕਈ ਸ਼ੱਕ ਪੈਦਾ ਕਰ ਰਿਹਾ ਹੈ।

  ਪਰਿਵਾਰ ਦੇ ਸ਼ੱਕ ਆਪਣੀ ਜਗ੍ਹਾ ਨੇ ਪਰ ਜੋ ਮੈਡੀਕਲ ਰਿਪੋਰਟ ਹੈ ਉਹ ਸਭ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦੀ ਬਜਾਏ ਇਸ ਐਨਕਾਊਂਟਰ ਦੀ ਥਿਉਰੀ ਨੂੰ ਹੋਰ ਗੂੰਜਲਦਾਰ ਬਣਾ ਰਹੀ ਹੈ। ਅਧੂਰੇ ਤੱਥਾਂ ਨਾਲ ਕੀਤਾ ਗਿਆ ਇਹ ਪੋਸਟਮਾਰਟਮ ਸਿੱਧਾ ਨਜ਼ਰ ਫਿਰ ਵੀ ਨਹੀਂ ਆ ਰਿਹਾ। ਪਰ ਇੱਥੇ ਹਾਲਾਤ ਹੋਰ ਨੇ ਬੀਤੇ ਦਿਨੀਂ ਪੀਜੀਆਈ ਚੰਡੀਗਡ਼੍ਹ ਦੇ ਵਿੱਚ ਗੈਂਗਸਟਰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦਾ ਦੁਬਾਰਾ ਪੋਸਟਮਾਰਟਮ ਕੀਤਾ ਜਾਂਦਾ ਹੈ। ਉਹ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਕਿਉਂਕਿ ਪਰਿਵਾਰ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ। ਜਿਸ ਦੇ ਫ਼ੈਸਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੁਬਾਰਾ ਪੋਸਟਮਾਰਟਮ ਕਰਨ ਦੇ ਪੀਜੀਆਈ ਨੂੰ ਆਦੇਸ਼ ਦਿੱਤੇ ਸਨ।

  ਪੀਜੀਆਈ ਵੱਲੋਂ ਚਾਰ ਡਾਕਟਰਾਂ ਦਾ ਇਕ ਬੋਰਡ ਬਣਾ ਕੇ ਜੈਪਾਲ ਭੁੱਲਰ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਡਾਕਟਰਾਂ ਮੁਤਾਬਕ ਉਨ੍ਹਾਂ ਕੋਲ ਨਾ ਤਾਂ ਪੁਰਾਣੀ ਪੋਸਟਮਾਰਟਮ ਰਿਪੋਰਟ ਸੀ ਅਤੇ ਨਾ ਹੀ ਕੁੱਝ ਜ਼ਿਆਦਾ ਡਿਟੇਲ ਸੀ। ਇਹ ਪੋਸਟਮਾਰਟਮ ਉਨ੍ਹਾਂ ਲਈ ਹੋਰ ਵੀ ਜ਼ਿਆਦਾ ਚੁਨੌਤੀ ਭਰਿਆ। ਇਸ ਲਈ ਸੀ ਕਿ ਉਸ ਦੀ ਡੈੱਡ ਬਾਡੀ ਨੂੰ ਫਰੀਜ਼ ਕੀਤੇ ਹੋਏ ਕਰੀਬ ਦੋ ਹਫ਼ਤੇ ਹੋ ਚੁੱਕੇ ਸਨ ਅਤੇ ਡੈੱਡ ਬਾਡੀ ਨੂੰ ਕੈਮੀਕਲ ਵਗੈਰਾ ਵੀ ਲੱਗੇ ਹੋਏ ਸਨ। ਜਿਸ ਕਰਕੇ ਇਸ ਡੈੱਡ ਬਾਡੀ ਦਾ ਪੋਸਟਮਾਰਟਮ ਕਾਫੀ ਚੁਣੌਤੀ ਭਰਿਆ ਸੀ। ਪਰ ਫਿਰ ਵੀ ਡਾਕਟਰਾਂ ਵੱਲੋਂ ਮ੍ਰਿਤਕ ਦੇ ਪਿਤਾ ਭੁਪਿੰਦਰ ਸਿੰਘ ਨਾਲ ਗੱਲਬਾਤ ਕਰਕੇ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਗਈ।

  ਪੂਰੇ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ ਅਤੇ ਡੈੱਡ ਬਾਡੀ ਦੇ ਐਕਸਰੇ ਵੀ ਕੀਤੇ ਗਏ। ਐਕਸਰੇ ਕਰਨ ਦੌਰਾਨ ਜੋ ਡਾਕਟਰਾਂ ਨੂੰ ਦਿਖਾਈ ਦਿੱਤਾ ਉਸਨੇ ਉਹਨਾਂ ਨੂੰ ਵੀ ਹੈਰਾਨ ਕਰ ਦਿਤਾ, ਐਕਸਰੇ ਵਿੱਚ ਸਾਮਣੇ ਆਇਆ ਕਿ ਜੈਪਾਲ ਭੁੱਲਰ ਦੇ ਸ਼ਰੀਰ ਵਿੱਚ 7 ਗੋਲੀਆਂ ਹੋਰ ਮੌਜੂਦ ਨੇ, ਬਾਕੀ ਪਰਿਵਾਰ ਨੂੰ ਜੋ ਸ਼ੱਕ ਸੀ ਕਿ ਉਸ ਦੇ ਹੱਥ ਪੈਰ ਟੁੱਟੇ ਹੋਏ ਹਨ ਉਸ ਦੇ ਸੱਟਾਂ ਵੱਜੀਆਂ ਹਨ, ਉਹਨਾਂ ਗੱਲਾਂ ਨੂੰ ਵੀ ਵਾਚਣ ਵਾਸਤੇ ਪੂਰੀ ਡੈਡ ਬਾਡੀ ਬੜੀ ਬਾਰੀਕੀ ਨਾਲ ਮੈਡੀਕਲ ਇਗਜਾਮਿਨ ਕੀਤਾ ਗਿਆ। ਕਰੀਬ ਚਾਰ ਘੰਟੇ ਚੱਲੇ ਇਸ ਪੋਸਟਮਾਰਟਮ ਵਿਚ ਡਾਕਟਰਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਜੈ ਪਾਲ ਭੁੱਲਰ ਦੀ ਡੈੱਡ ਬਾਡੀ ਦਾ ਪਹਿਲਾਂ ਵੀ ਪੋਸਟਮਾਰਟਮ ਕੀਤਾ ਜਾ ਚੁੱਕਾ ਸੀ।

  ਦੱਸ ਦਈਏ ਕਿ ਇਸ ਪੋਸਟਮਾਰਟਮ ਦੌਰਾਨ ਇਕ ਬਹੁਤ ਵੱਡਾ ਚੁਕਾਉਣ ਵਾਲਾ ਖੁਲਾਸਾ ਡਾਕਟਰਾਂ ਨੇ ਕੀਤਾ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਜੈਪਾਲ ਭੁੱਲਰ ਦੀ ਡੈੱਡ ਬਾਡੀ ਦੇ ਅੰਦਰ ਸੱਤ ਬੁਲੇਟ ਹੋਰ ਮੌਜੂਦ ਨੇ। ਜਿਨ੍ਹਾਂ ਵਿਚੋਂ ਤਿੰਨ ਬੁਲਟ ਪੋਸਟਮਾਰਟਮ ਕਰ ਪੀਜੀਆਈ ਦੇ ਡਾਕਟਰਾਂ ਵੱਲੋਂ ਰਿਕਵਰ ਕਰ ਲਿੱਤੀਆ ਗਈਆਂ ਹਨ। ਪਰ ਅਜੇ ਵੀ ਜੈਪਾਲ ਭੁੱਲਰ ਦੀ ਡੈੱਡ ਬਾਡੀ ਦੇ ਵਿਚ ਚਾਰ ਬੁਲੇਟ ਮੌਜੂਦ ਸਨ। ਇੱਥੇ ਸਵਾਲ ਇਹ ਵੀ ਉੱਠਦੇ ਹਨ ਕਿ ਜੈਪਾਲ ਭੁੱਲਰ ਨੂੰ ਕਿੰਨੀਆਂ ਗੋਲੀਆਂ ਮਾਰੀਆਂ ਗਈਆਂ ਜੋ ਕਿ ਸੱਤ ਗੋਲੀਆਂ ਉਹਦੇ ਸਰੀਰ ਦੇ ਵਿਚ ਵੀ ਪਹਿਲਾਂ ਪੋਸਟਮਾਰਟਮ ਹੋਣ ਤੋਂ ਬਾਅਦ ਵੀ ਮੌਜੂਦ ਸਨ।

  ਆਖਿਰਕਾਰ ਕੋਲਕਾਤਾ ਦੇ ਡਾਕਟਰਾਂ ਨੇ ਸੱਤ ਗੋਲੀਆਂ ਉਸ ਦੇ ਸਰੀਰ ਵਿੱਚ ਕਿਉਂ ਛੱਡ ਦਿੱਤੀਆਂ ਜਾਂ ਫਿਰ ਜਲਦਬਾਜ਼ੀ ਵਿਚ ਇਸ ਇਸ ਪੂਰੇ ਮਾਮਲੇ ਨੂੰ ਨਿਪਟਾਇਆ ਗਿਆ। ਜਿੱਥੇ ਪਹਿਲੇ ਹੀ ਪਰਿਵਾਰ ਦੋਸ਼ ਲਗਾ ਚੁੱਕਾ ਹੈ ਕਿ ਜਦੋਂ ਉਹ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਲੈਣ ਲਈ ਕੋਲਕਾਤਾ ਵਿਖੇ ਗਏ ਸਨ ਤਾਂ ਉੱਥੋਂ ਦੀ ਪੁਲੀਸ ਦਾ ਰਵੱਈਆ ਬਹੁਤਾ ਚੰਗਾ ਨਹੀਂ ਸੀ ਅਤੇ ਉਨ੍ਹਾਂ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਉਨ੍ਹਾਂ ਨੂੰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਦੇਖਣ ਵੀ ਨਹੀਂ ਦਿੱਤਾ ਗਿਆ ਅਤੇ ਸਿੱਧਾ ਪੈਕ ਕਰਕੇ ਹੀ ਹਵਾਈ ਜਹਾਜ਼ ਵਿੱਚ ਜਲਦਬਾਜ਼ੀ ਵਿੱਚ ਕੋਲਕਾਤਾ ਤੋਂ ਰਵਾਨਾ ਕਰ ਦਿੱਤਾ ਗਿਆ ਅਤੇ ਨਾ ਹੀ ਜੈਪਾਲ ਭੁੱਲਰ ਦੀ ਪੋਸਟਮਾਰਟਮ ਰਿਪੋਰਟ ਦੀ ਕੋਈ ਕਾਪੀ ਉਨ੍ਹਾਂ ਨੂੰ ਦਿੱਤੀ ਗਈ।

  ਚਾਹੇ ਜੈਪਾਲ ਭੁੱਲਰ ਗੈਂਗਸਟਰ ਸੀ ਉਸਦੇ ਉੱਪਰ ਕਰੀਬ 50 ਮੁਕੱਦਮੇ ਦਰਜ ਸੀ ਜਿਸ ਵਿਚ ਦੋ ਪੁਲਸ ਵਾਲਿਆਂ ਦੇ ਕਤਲ ਦੇ ਮਾਮਲੇ ਵੀ ਸਨ ਅਤੇ ਅਲੱਗ ਅਲੱਗ ਵਾਰਦਾਤਾਂ ਵਿਚ ਸ਼ਾਮਲ ਹੋ ਕੇ ਲੁੱਟ ਖੋਹ ਡਕੈਤੀ ਹੱਤਿਆ ਜਿਹੇ ਜੁਰਮ ਕੀਤੇ ਸਨ। ਪਰ ਉਸਦਾ ਹੱਲ ਸਿਰਫ਼ ਇਨਕਾਊਂਟਰ ਨਹੀਂ ਹੈ, ਜੈ ਪਾਲ ਦੇ ਇਸ ਐਨਕਾਉਂਟਰ ਤੇ ਪਰਿਵਾਰ ਨੇ ਜੋ ਸਵਾਲ ਚੁੱਕੇ ਸੀ ਅਤੇ ਸ਼ੱਕ ਜ਼ਾਹਰ ਕੀਤਾ ਸੀ। ਡਾਕਟਰੀ ਮੁਆਇਨੇ ਵਿਚ ਦਰਸਾਈਆਂ ਜਾ ਰਹੀਆਂ ਚੀਜ਼ਾਂ ਇਸ ਪੂਰੇ ਘਟਨਾਕ੍ਰਮ ਨੂੰ ਹੋਰ ਸ਼ੱਕੀ ਕਰ ਦਿੰਦੀਆਂ ਹਨ।

  ਪਰ ਹੁਣ ਆਉਣ ਵਾਲੇ ਦਿਨਾਂ ਵਿਚ ਦੇਖਣਾ ਪਵੇਗਾ ਕਿ ਪਰਿਵਾਰ ਇਸ ਸਾਰੇ ਤੱਥਾਂ ਨੂੰ ਲੈ ਕੇ ਅੱਗੇ ਕੀ ਰਣਨੀਤੀ ਅਪਣਾਉਂਦਾ ਹੈ। ਉੱਥੇ ਹੀ ਸਸਕਾਰ ਵਾਲੇ ਦਿਨ ਜੈਪਾਲ ਭੁੱਲਰ ਦੇ ਭਰਾ ਅੰਮ੍ਰਿਤਪਾਲ ਭੁੱਲਰ ਵੱਲੋਂ ਵੀ ਦੋਸ਼ ਲਾਏ ਗਏ ਸਨ ਕਿ ਉਸ ਦੇ ਭਰਾ ਦਾ ਫਰਜ਼ੀ ਐਨਕਾਊਂਟਰ ਕੀਤਾ ਗਿਆ ਹੈ ਅਤੇ ਉਸ ਨੂੰ ਡਰ ਹੈ ਕਿ ਪੁਲਸ ਹੁਣ ਉਸਦਾ ਵੀ ਐਨਕਾਊਂਟਰ ਕਰ ਦੇਵੇਗੀ। ਜਿੱਥੇ ਜਿਊਂਦੇ ਜੀਅ ਜੁਰਮ ਦੀ ਦੁਨੀਆਂ ਵਿੱਚ ਜੈਪਾਲ ਭੁੱਲਰ ਨੇ ਪੈਰ ਪਾ ਕੇ ਪੁਲਿਸ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ ਹੁਣ ਮਰਨ ਤੋਂ ਬਾਅਦ ਵੀ ਪੁਲਿਸ ਲਈ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ ਅਤੇ ਜਾਂਦੇ-ਜਾਂਦੇ ਵੀ ਬੁਲੇਟ ਜੈਪਾਲ ਸਿਵਿਆਂ ਵਿਚ ਆਪਣੇ ਨਾਲ ਲੈ ਗਿਆ।

  LEAVE A REPLY

  Please enter your comment!
  Please enter your name here