ਮਾਹਿਲਪੁਰ (ਸੇਖੋਂ ) – ਭਾਰਤ ਸਰਕਾਰ ਦੇ ਅਦਾਰੇ ਵਿਜੀਲੈਂਸ ਵਿਭਾਗ ਵਲੋਂ 28 ਅਕਤੂਬਰ ਤੋਂ 2 ਨਵੰਬਰ ਤੱਕ ਮਨਾਏ ਜਾ ਰਹੇ ਵਿਜੀਲੈਂਸ ਜਾਗਰੂਕਤਾ ਹਫ਼ਤਾਵਰੀ ਮੁਹਿੰਮ ਤਹਿਤ ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਨਾਇਬ ਤਹਿਸੀਲਦਾਰ ਰਾਮ ਚੰਦ ਬੰਗੜ ਹਾਜ਼ਰ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਵਿਭਾਗ ਦੇ ਅਧਿਕਾਰੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦੇ ਮੰਤਵ ਨਾਲ ਕਰਵਾਏ ਜਾ ਰਹੇ ਅਜਿਹੇ ਸੈਮੀਨਾਰਾਂ ਤੋਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਿੱਖਣ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਚੰਗੀਆਂ ਕਦਰਾਂ ਕੀਮਤਾਂ ਦੇ ਧਾਰਨੀ ਬਣਨ ਲਈ ਪ੍ਰੇਰਿਆ। ਇਸ ਮੌਕੇ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਹਰਬੰਸ ਲਾਲ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਕਿਸੇ ਵੀ ਮਹਿਕਮੇ ਵਿਚ ਕਿਸੇ ਅਧਿਕਾਰੀ ਵਲੋਂ ਉਨ੍ਹਾਂ ਤੋਂ ਮੰਗੀ ਜਾ ਰਹੀ ਰਿਸ਼ਵਤ ਦੇ ਖ਼ਿਲਾਫ਼ ਸ਼ਿਕਾਇਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵਰਗ ਸਮਾਜ ਦਾ ਸਭ ਤੋਂ ਚੇਤੰਨ ਤਬਕਾ ਹੁੰਦਾ ਹੈ ਜਿਸਨੂੰ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਇੰਸਪੈਕਟਰ ਦਵਿੰਦਰ ਕੁਮਾਰ ਨੇ ਵਿਜੀਲੈਂਸ ਵਿਭਾਗ ਵਲੋਂ ਕੀਤੇ ਜਾਂਦੇ ਕੰਮਾਂ ਅਤੇ ਕਾਨੂੰਨੀ ਨੁਕਤਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਵਿਜੀਲੈਂਸ ਵਿਭਾਗ ਦਾ ਸਾਥ ਦੇ ਕੇ ਸਮਾਜ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਸੰਕਲਪ ਲਿਆ। ਮੰਚ ਦੀ ਕਾਰਵਾਈ ਪ੍ਰੋ ਜੇ ਬੀ ਸੇਖੋਂ ਨੇ ਚਲਾਈ। ਇਸ ਮੌਕੇ ਥਾਣੇਦਾਰ ਅਜੇ ਪਾਲ,ਮਨਦੀਪ ਸਿੰਘ, ਪ੍ਰੋ ਪਰਮਵੀਰ ਸ਼ੇਰਗਿੱਲ, ਡਾ. ਰਾਜ ਕੁਮਾਰ, ਡਾ. ਜਸਵਿੰਦਰ ਸਿੰਘ, ਪ੍ਰੋ ਪ੍ਰਿਯਾ, ਪ੍ਰੋ ਚੰਦਰ ਸ਼ੇਖਰ, ਪ੍ਰੋ ਜਤਿੰਦਰ, ਪ੍ਰੋ ਹੇਮ ਰਾਜ, ਪ੍ਰੋ ਰਣਜੋਧ ਸਿੰਘ ਆਦਿ ਸਮੇਤ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।