ਕੈਬਨਿਟ ਮੰਤਰੀ ਅਰੋੜਾ ਨੇ ਈ-ਰਿਕਸ਼ਾ ਲਈ ਡੀਸੀ ਨੂੰ ਸੌਂਪਿਆ 51 ਲੱਖ ਰੁਪਏ ਦਾ ਚੈਕ

    0
    317

    ਹੁਸ਼ਿਆਰਪੁਰ ( ਜਨਗਾਥਾ ਟਾਈਮਜ਼) : ਰੋਜ਼ਗਾਰ ਦੇ ਜ਼ਰੀਏ ਮਹਿਲਾ ਸਸ਼ਕਤੀਕਰਨ ਵੱਲ ਇਕ ਨਿਵੇਕਲੀ ਪਹਿਲ ਕਰਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਲੋੜਵੰਦ ਅਤੇ ਦਿਵਿਆਂਗ ਔਰਤਾਂ ਨੂੰ ਈ-ਰਿਕਸ਼ਾ ਪ੍ਰਦਾਨ ਕਰਨ ਲਈ ਇਕ ਵਿਸ਼ੇਸ਼ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਕੈਬਨਿਟ ਮੰਤਰੀ ਦੀ ਇਸ ਪਹਿਲ ਨੂੰ ਸੂਬੇ ਦੇ ਉਦਯੋਗ ਖੇਤਰ ਵਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਯੋਜਨਾ ਦੀ ਪਹਿਲੀ ਕੜੀ ਤਹਿਤ 51 ਲੱਖ ਰੁਪਏ ਦੀ ਲਾਗਤ ਨਾਲ ਲੋੜਵੰਦ ਔਰਤਾਂ ਨੂੰ ਈ-ਰਿਕਸ਼ਾ ਮੁਹੱਈਆ ਕਰਵਾਏ ਜਾਣਗੇ, ਜਿਸ ਵਿੱਚ ਬੇਰੁਜ਼ਗਾਰ ਵਿਧਵਾ, ਦਿਵਿਆਂਗ ਅਤੇ ਤਲਾਕਸ਼ੁਦਾ ਔਰਤਾਂ ਨੂੰ ਪਹਿਲ ਦਿੱਤੀ ਜਾਵੇਗੀ। ਇਹ ਈ-ਰਿਕਸ਼ਾ ਮੁਹੱਈਆ ਕਰਵਾਉਣ ਲਈ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੂੰ 51 ਲੱਖ ਰੁਪਏ ਦਾ ਚੈਕ ਸੌਂਪਿਆ। ਇਸ ਮੌਕੇ ਐਸ.ਐਸ.ਪੀ. ਗੌਰਵ ਗਰਗ ਅਤੇ ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ ਵੀ ਮੌਜੂਦ ਸਨ।
    ਇਸ ਮੌਕੇ ਅਰੋੜਾ ਨੇ ਕਿਹਾ ਕਿ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀਆਂ ਔਰਤਾਂ ਖਾਸ ਕਰਕੇ ਬੇਰੁਜ਼ਗਾਰ ਵਿਧਵਾ, ਦਿਵਿਆਂਗ ਅਤੇ ਤਲਾਕਸ਼ੁਦਾ ਔਰਤਾਂ ਇਸ ਦਾ ਲਾਭ ਪ੍ਰਾਪਤ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਹਿਲਾ ਸਸ਼ਕਤੀਕਰਨ ਤਹਿਤ ਮਹਿਲਾਵਾਂ ਨੂੰ ਹਰ ਖੇਤਰ ਵਿੱਚ ਮਜ਼ਬੂਤ ਕਰਨ ਲਈ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ।
    ਕੈਬਨਿਟ ਮੰਤਰੀ ਨੇ ਕਿਹਾ ਕਿ ਲੋੜਵੰਦ ਮਹਿਲਾਵਾਂ ਲਈ ਵਿਸ਼ੇਸ਼ ਕਦਮ ਪੁੱਟਿਆ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਨੂੰ ਪੈਰਾਂ ਸਿਰ ਖੜ੍ਹਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸੀ.ਐਸ.ਆਰ ਤਹਿਤ ਕੋਕਾ ਕੋਲਾ ਕੰਪਨੀ ਵਲੋਂ ਪਾਏ ਯੋਗਦਾਨ ਸਦਕਾ ਬੇਰੁਜ਼ਗਾਰ ਅਤੇ ਲੋੜਵੰਦ ਮਹਿਲਾਵਾਂ ਨੂੰ ਈ-ਰਿਕਸ਼ਾ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਈ-ਰਿਕਸ਼ਾ ਲੋੜਵੰਦ ਅਤੇ ਦਿਵਿਆਂਗ ਔਰਤਾਂ ਲਈ ਆਤਮ ਨਿਰਭਰਤਾ ਦਾ ਸਾਧਨ ਬਣੇਗਾ ਉਨ੍ਹਾਂ ਕਿਹਾ ਕਿ ਲੋੜਵੰਦ ਅਤੇ ਦਿਵਿਆਂਗ ਔਰਤਾਂ ਇਹ ਸਹੂਲਤ ਪ੍ਰਾਪਤ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਯੋਗ ਮਹਿਲਾਵਾਂ ਦੀ ਚੋਣ ਇੰਟਰਵਿਊ ਰਾਹੀਂ ਕੀਤੀ ਜਾਵੇਗੀ ਅਤੇ ਯੋਗ ਮਹਿਲਾਵਾਂ ਹੁਸ਼ਿਆਰਪੁਰ ਸ਼ਹਿਰ ਵਿੱਚ ਈ-ਰਿਕਸ਼ਾ ਚਲਾਕੇ ਆਪਣੇ ਪੈਰਾਂ ‘ਤੇ ਖੜ੍ਹੀਆਂ ਹੋ ਸਕਦੀਆਂ ਹਨ।
    ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਈ-ਰਿਕਸ਼ਾ ਲਾਭਪਾਤਰੀਆਂ ਦੀ ਚੋਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿੱਚ 19 ਦਸੰਬਰ ਨੂੰ ਇੰਟਰਵਿਊ ਰੱਖੀ ਹੈ। ਉਨ੍ਹਾਂ ਕਿਹਾ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀਆਂ ਔਰਤਾਂ ਖਾਸ ਕਰਕੇ ਵਿਧਵਾ, ਤਲਾਕਸ਼ੁਦਾ ਅਤੇ ਦਿਵਿਆਂਗ ਔਰਤਾਂ ਈ-ਰਿਕਸ਼ਾ ਦੀ ਸਹੂਲਤ ਪ੍ਰਾਪਤ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਆਈ.ਟੀ.ਆਈ, ਜਲੰਧਰ ਰੋਡ) ਹੁਸ਼ਿਆਰਪੁਰ ਵਿਖੇ 19 ਦਸੰਬਰ ਨੂੰ ਸਵੇਰੇ 11 ਵਜੇ ਇੰਟਰਵਿਊ ਵਿੱਚ ਪਹੁੰਚ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਈ-ਰਿਕਸ਼ਾ ਦੇ ਲਾਈਸੈਂਸ ਨਹੀਂ ਹਨ, ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਮੁਫ਼ਤ ਟ੍ਰੇਨਿੰਗ ਮੁਹੱਇਆ ਕਰਵਾ ਕੇ ਲਾਈਸੈਂਸ ਪ੍ਰਦਾਨ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਈ-ਰਿਕਸ਼ਾ ਦਾ ਲਾਭ ਪ੍ਰਾਪਤ ਕਰਨ ਲਈ ਉਮਰ 18 ਤੋਂ 45 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ ਅਤੇ ਇਹ ਸਹੂਲਤ ਕੇਵਲ ਔਰਤਾਂ ਨੂੰ ਪ੍ਰਦਾਨ ਕੀਤੀ ਜਾਣੀ ਹੈ।
    ਇਸ ਮੌਕੇ ਕੌਂਸਲਰ ਸਰਵਨ ਸਿੰਘ, ਕੁਲਵਿੰਦਰ ਸਿੰਘ ਹੁੰਦਲ,ਸੰਜੀਵ ਸ਼ਰਮਾ, ਦਲਜੀਤ ਸਿੰਘ ਰਾਜੂ, ਬਿੰਦਰ ਕਤਨਾ, ਸ਼ਾਦੀ ਲਾਲ, ਮਨਮੋਹਨ ਸਿੰਘ ਕਪੂਰ, ਦੀਪਕ ਪੁਰੀ, ਅਤੁਲ, ਅਵਤਾਰ ਸਿੰਘ, ਵਿੱਕੀ ਵਾਲੀਆ, ਬੌਬੀ ਵੋਹਰਾ ਤੋਂ ਇਲਾਵਾ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।

    LEAVE A REPLY

    Please enter your comment!
    Please enter your name here