ਕੈਪਟਨ ਦੇ ‘ਨਿਕੰਮੇ’ ਮੰਤਰੀਆਂ ਦੀ ਛੁੱਟੀ..!

  0
  44

  ਚੰਡੀਗੜ੍ਹ: ਦੇਸ਼ ਦੇ ਪੰਜ ਸੂਬਿਆਂ ਵਿੱਚ ਚੋਣਾਂ ਤੋਂ ਬਾਅਦ ਪਰ 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਵੱਡੇ ਪੱਧਰ ‘ਤੇ ਫੇਰਬਦਲ ਸੰਭਵ ਹੈ। ਪੂਰੇ ਦੇਸ਼ ਵਿੱਚੋਂ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ ਜਿੱਥੇ ਕਾਂਗਰਸ ਦੀ ਪੂਰਨ ਬਹੁਮਤ ਵਾਲੀ ਸਰਕਾਰ ਹੈ ਤੇ ਪਾਰਟੀ ਇਸ ਨੂੰ ਮਾਡਲ ਸਰਕਾਰ ਵਜੋਂ ਵਿਕਸਤ ਕਰਨ ਲਈ ਖੇਤਰੀ ਤੇ ਹਰ ਜਾਤ ਦੇ ਨੁਮਾਇੰਦਿਆਂ ਨੂੰ ਕੈਬਨਿਟ ਵਿੱਚ ਥਾਂ ਦੇਣ ਦੇ ਰੌਂਅ ਵਿੱਚ ਹੈ। ਸੂਤਰਾਂ ਮੁਤਾਬਕ ਪੰਜਾਬ ਕੈਬਨਿਟ ਦਾ ਫੇਰਬਦਲ ਇਸੇ ਸਾਲ ਦਸੰਬਰ ਜਾਂ ਜਨਵਰੀ 2019 ਵਿੱਚ ਸੰਭਵ ਹੈ।

  ਪਿਛਲੇ ਕੈਬਨਿਟ ਵਾਧੇ ਦੌਰਾਨ ਪਛੜੀਆਂ ਸ਼੍ਰੇਣੀਆਂ ਦੇ ਆਗੂਆਂ ਨੂੰ ਪ੍ਰਤੀਨਿਧਤਾ ਨਾ ਮਿਲਣ ਕਾਰਨ ਕਈ ਲੀਡਰ ਨਾਰਾਜ਼ ਹੋ ਗਏ ਸਨ ਪਰ ਹੁਣ ਕੈਬਨਿਟ ਵਿੱਚ ਜਾਤਾਂ ਤੇ ਖੇਤਰ ਦੇ ਆਧਾਰ ‘ਤੇ ਥਾਂ ਦਿੱਤੀ ਜਾਵੇਗੀ। ਪਛੜੇ ਵਰਗ ਦੇ ਕਈ ਰਸੂਖ਼ਦਾਰ ਆਗੂਆਂ ਨੂੰ ਚੇਅਰਮੈਨੀਆਂ ਨਾਲ ਵੀ ਨਿਵਾਜਿਆ ਜਾਵੇਗਾ। ਇਸ ਦੌਰਾਨ ਮੰਦੇ ਪ੍ਰਦਰਸ਼ਨ ਵਾਲੇ ਮੰਤਰੀਆਂ ਦੀ ਛਾਂਟੀ ਵੀ ਸੰਭਵ ਹੈ। ਕਈਆਂ ਦੇ ਵਿਭਾਗ ਬਦਲੇ ਵੀ ਜਾ ਸਕਦੇ ਹਨ ਤੇ ਕਈਆਂ ਦੇ ਖੰਭ ਵੀ ਕੁਤਰੇ ਜਾ ਸਕਦੇ ਹਨ। ਇਸ ਤੋਂ ਇਲਾਵਾ ਆਪਣੀ ਕਾਰਗੁਜ਼ਾਰੀ ਸਦਕਾ ਹਾਈਕਮਾਨ ਵੱਲੋਂ ਪਲਕਾਂ ‘ਤੇ ਬਿਠਾਏ ਗਏ ਮੰਤਰੀ  ਤਰੱਕੀ ਵੀ ਪਾ ਸਕਦੇ ਹਨ।

  ਸੂਤਰਾਂ ਮੁਤਾਬਕ ਦੋ ਮਾਲਵੇ ਤੇ ਇੱਕ ਮਾਝੇ ਦੇ ਮੰਤਰੀਆਂ ਦੀ ਕੁਰਸੀ ਖੁੱਸੇਗੀ ਤੇ ਕੁਝ ਦੇ ਵਿਭਾਗ ਤਬਦੀਲ ਕੀਤੇ ਜਾਣਗੇ। ਦੇਖਿਆ ਜਾਵੇ ਤਾਂ ਮੰਦੇ ਪ੍ਰਦਰਸ਼ਨ ਤੇ ਸੂਬੇ ਨੂੰ ਜ਼ੁਰਮਾਨਾ ਲੱਗਣ ਤੋਂ ਬਾਅਦ ਵਾਤਾਵਰਨ ਮੰਤਰੀ ਓਪੀ ਸੋਨੀ ਦਾ ਵਿਭਾਗ ਪਹਿਲਾਂ ਹੀ ਤਬਦੀਲ ਕੀਤਾ ਜਾ ਚੁੱਕਿਆ ਹੈ। ਇਸ ਕੈਬਨਿਟ ਫੇਰਬਦਲ ਵਿੱਚ ਉਨ੍ਹਾਂ ਦੇ ਸਿਤਾਰੇ ਗਰਦਿਸ਼ ਵਿੱਚ ਜਾਪਦੇ ਹਨ।

  ਇਸ ਸਾਲ ਅਪਰੈਲ ਵਿੱਚ ਮੁੱਖ ਮੰਤਰੀ ਸਮੇਤ ਪੰਜਾਬ ਨੂੰ 18 ਮੰਤਰੀਆਂ ਦੀ ਵਜ਼ਾਰਤ ਮਿਲੀ ਸੀ, ਜਿਸ ਵਿੱਚ 11 ਮੰਤਰੀ ਮਾਲਵਾ, ਛੇ ਮਾਝਾ ਤੇ ਇੱਕ ਦੋਆਬਾ ਤੋਂ ਹੈ। ਇਸ ਵਾਧੇ ਵਿੱਚ ਕਿਸੇ ਵੀ ਦਲਿਤ ਜਾਂ ਪਛੜੀ ਸ਼੍ਰੇਣੀ ਨਾਲ ਸਬੰਧ ਆਗੂ ਨੂੰ ਮੰਤਰੀ ਬਣਨ ਦਾ ਮੌਕਾ ਨਹੀਂ ਸੀ ਮਿਲਿਆ। 18% ਵੋਟ ਫ਼ੀਸਦ ਵਾਲੇ ਜੱਟ ਭਾਈਚਾਰੇ ਦੇ ਲੋਕਾਂ ‘ਚੋਂ ਅੱਠ ਮੰਤਰੀ ਬਣਨ ਕਾਰਨ ਹੋਰ ਸ਼੍ਰੇਣੀਆਂ ਦੇ ਲੀਡਰਾਂ ਵਿੱਚ ਰੋਸ ਸੀ। ਪਾਰਟੀ ਹੁਣ ਰੋਸੇ ਖ਼ਤਮ ਕਰਨ ਦੇ ਰੌਂਅ ਵਿੱਚ ਹੈ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਸੁੰਦਰ, ਸੁਸ਼ੀਲ ਅਤੇ ਬਰਾਬਰਤਾ ਵਾਲੀ ਦਿੱਖ ਦੇਣ ਦੀ ਕੋਸ਼ਿਸ਼ ਵਿੱਚ ਹੈ।

  LEAVE A REPLY

  Please enter your comment!
  Please enter your name here