ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)
ਕਿਸਾਨ ਅੰਦੋਲਨ ਸਾਹਮਣੇ ਸਰਕਾਰ ਝੁਕ ਗਈ ਹੈ। ਸਰਕਾਰ ਹੁਣ ਕਾਨੂੰਨਾਂ ਨੂੰ ਟਾਲਣ ਲਈ ਤਿਆਰ ਹੋ ਗਈ ਹੈ। ਜਦੋਂ ਮੀਡੀਆ ਨੇ ਸਰਕਾਰ ਦੇ ਬੈਕਫੁੱਟ ‘ਤੇ ਜਾਣ ਨੂੰ ਕਿਸਾਨਾਂ ਦੀ ਜਿੱਤ ਕਰਾਰ ਦਿੱਤਾ ਤਾਂ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਇਸ ਨੂੰ ਵੱਖਰੇ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿਸ ਦਿਨ ਕਿਸਾਨ ਆਪਣਾ ਅੰਦੋਲਨ ਖ਼ਤਮ ਕਰਨਗੇ। ਉਸ ਦਿਨ ਭਾਰਤੀ ਲੋਕਤੰਤਰ ਦੀ ਜਿੱਤ ਹੋਵੇਗੀ।
ਦਰਅਸਲ ਇਹ ਚਰਚਾ ਪਹਿਲਾਂ ਤੋਂ ਹੀ ਜਾਰੀ ਹੈ ਕਿ ਸਰਕਾਰ ਨੇ ਇਸ ਨੂੰ ਇੱਜ਼ਤ ਦਾ ਸਵਾਲ ਬਣਾਇਆ ਹੈ। ਇਸ ਲਈ ਹੀ ਸਰਕਾਰ ਕਿਸਾਨਾਂ ਦੀ ਹਰ ਗੱਲ ਮੰਨਣ ਲਈ ਤਿਆਰ ਹੈ ਪਰ ਕਾਨੂੰਨ ਵਾਪਸ ਲੈਣ ਤੋਂ ਟਾਲਾ ਵੱਟ ਰਹੀ ਹੈ। ਹੁਣ ਜਦੋਂ ਕਿਸਾਨ ਆਪਣੇ ਫ਼ੈਸਲੇ ‘ਤੇ ਅੜ੍ਹ ਗਏ ਤਾਂ ਸਰਕਾਰ ਪਿੱਛੇ ਹਟਣ ਲੱਗੀ ਹੈ। ਇਸ ਦੇ ਬਾਵਜੂਦ ਸਰਕਾਰ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦੀ ਕਿ ਕਿਸਾਨਾਂ ਦੀ ਜਿੱਤ ਹੋਈ ਹੋਈ ਹੈ।
ਤੋਮਰ ਨੇ ਕਿਹਾ ਕਿ ਕਿਸਾਨ ਆਗੂਆਂ ਨਾਲ 10ਵੇਂ ਗੇੜ ਦੀ ਗੱਲਬਾਤ ਦੌਰਾਨ ਕੁੱਝ ‘ਨਰਮ ਗਰਮ’ ਪਲ ਵੀ ਆਏ, ਪਰ ਉਂਜ ਮੀਟਿੰਗ ਕੁੱਲ ਮਿਲਾ ਕੇ ਸਾਜ਼ਗਾਰ ਮਾਹੌਲ ਵਿੱਚ ਹੋਈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਤਿੰਨੇ ਖੇਤੀ ਕਾਨੂੰਨਾਂ ਨੂੰ ਇਕ ਤੋਂ ਡੇਢ ਸਾਲ ਲਈ ਮੁਅੱਤਲ ਕਰਨ ਲਈ ਤਿਆਰ ਹੈ। ਇਸ ਅਰਸੇ ਦੌਰਾਨ ਆਪਸੀ ਸਹਿਮਤੀ ਨਾਲ ਕੋਈ ਹੱਲ ਕੱਢਿਆ ਜਾਵੇਗਾ। ਸਰਕਾਰ ਚਾਹੁੰਦੀ ਹੈ ਕਿ ਅੰਦੋਲਨ ਖ਼ਤਮ ਹੋਵੇ। ਪਰ ਇਸ ਦੌਰਾਨ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਜਾਰੀ ਰਹੇਗੀ।