ਅਣਪਛਾਤੇ ਕਾਰ ਸਵਾਰਾਂ ਨੇ ਮੋਟਰਸਾਈਕਲ ਸਵਾਰ ਦੇ ਗੋਲ਼ੀ ਮਾਰ ਕੇ ਕੀਤਾ ਜ਼ਖ਼ਮੀ, ਮਾਮਲਾ ਦਰਜ

  0
  41

  ਫਿਰੋਜ਼ਪੁਰ, ਜਨਗਾਥਾ ਟਾਇਮਜ਼: (ਰੁਪਿੰਦਰ)

  ਕਸਬਾ ਮੱਖੂ ਅਧੀਨ ਆਉਂਦੇ ਪਿੰਡ ਵਲੈਤ ਸ਼ਾਹ ਵਾਲਾ ਵਿਖੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਇਕ ਮੋਟਰਸਾਈਕਲ ਸਵਾਰ ‘ਤੇ ਪਿਸਤੌਲ ਨਾਲ ਫਾਇਰ ਕਰ ਕੇ ਉਸ ਨੂੰ ਜ਼ਖਮੀ ਕਰਨ ਦੀ ਖ਼ਬਰ ਹੈ। ਮੋਟਰਸਾਈਕਲ ਸਵਾਰ ਦਾ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਵਾਰਦਾਤ ਸੰਬੰਧੀ ਥਾਣਾ ਮੱਖੂ ਪੁਲਿਸ ਨੇ ਤਿੰਨ ਅਣਪਛਾਤੇ ਕਾਰ ਸਵਾਰਾਂ ਖ਼ਿਲਾਫ਼ 307, 341, 34 ਆਈਪੀਸੀ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਬੋਹੜ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਪਿੰਡ ਪੱਧਰੀ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਪਿੰਡ ਪੱਧਰੀ ਤੋਂ ਪਿੰਡ ਵਰਪਾਲ ਨੂੰ ਜਾ ਰਿਹਾ ਸੀ, ਜਦੋਂ ਉਹ ਪਿੰਡ ਵਲੈਤਸ਼ਾਹ ‘ਰੇਲ ਅੰਡਰ ਬਰਿੱਜ’ ਕੋਲ ਪਹੁੰਚਿਆਂ ਤਾਂ ਇਕ ਵਰਨਾ ਕਾਰ ਉਸ ਦਾ ਰਸਤਾ ਰੋਕ ਕੇ ਖੜ੍ਹ ਗਈ। ਇਸ ਦੌਰਾਨ ਇਕ ਮੋਨਾ ਨੌਜਵਾਨ ਜਿਸ ਨੇ ਆਪਣਾ ਮੂੰਹ ਸਿਰ ਬੰਨ੍ਹਿਆ ਹੋਇਆ ਸੀ, ਆ ਕੇ ਉਸ ਨਾਲ ਧੱਕਾ ਮੁੱਕੀ ਕਰਨ ਤੋਂ ਬਾਅਦ ਪਿਸਤੌਲ ਦਾ ਫਾਇਰ ਕੀਤਾ ਜੋ ਉਸ ਦੀ ਸੱਜੀ ਲੱਤ ਦੀ ਪਿੰਜਣੀ ‘ਤੇ ਲੱਗਾ।

  ਬੋਹੜ ਸਿੰਘ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇ ਕੇ ਨੌਜਵਾਨ ਕਾਰ ‘ਚ ਬੈਠ ਗਿਆ, ਕਾਰ ‘ਚ ਦੋ ਹੋਰ ਨੌਜਵਾਨ ਵੀ ਬੈਠੇ ਹੋਏ ਸਨ, ਜੋ ਕਾਰ ਭਜਾ ਕੇ ਲੈ ਗਏ। ਬੋਹੜ ਸਿੰਘ ਨੇ ਦੱਸਿਆ ਕਿ ਉਸ ਦੀ ਪਿੰਡ ਜਾਂ ਆਸ ਪਾਸ ਦੇ ਕਿਸੇ ਵਿਅਕਤੀ ਨਾਲ ਕੋਈ ਰੰਜ਼ਿਸ਼ ਨਹੀਂ ਹੈ। ਬੋਹੜ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ‘ਚ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਖਬੀਰ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ।

   

  LEAVE A REPLY

  Please enter your comment!
  Please enter your name here